ਪਟਿਆਲਾ, 22 ਦਸੰਬਰ 2017 : ਖਾਲਸਾ ਪੰਥ ਦੇ ਸਿਰਜਣਹਾਰ, ਮਹਾਨ ਸੰਤ ਸਿਪਾਹੀ, ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਉਹਨਾਂ ਦੀ ਜਨਮ ਭੂਮੀ ਪਟਨਾ ਸਾਹਿਬ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਵਿਸ਼ੇਸ਼ ਰੇਲ ਗੱਡੀ ਨੂੰ ਅੱਜ ਸਵੇਰੇ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਗਏ ਕਰੀਬ 1540 ਸ਼ਰਧਾਲੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ 'ਤੇ ਉਹਨਾਂ ਦੀ ਜਨਮ ਭੂਮੀ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣਗੇ।
ਰੇਲ ਗੱਡੀ ਦੇ ਰਵਾਨਾ ਹੋਣ ਮੌਕੇ ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸ਼੍ਰੀਮਤੀ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਸ: ਸਾਧੂ ਸਿੰਘ ਧਰਮਸੋਤ ਵਿਧਾਇਕਾਂ ਨਾਲ ਹਰੇਕ ਡੱਬੇ ਕੋਲ ਜਾ ਕੇ ਸ਼ਰਧਾਲੂਆਂ ਨੂੰ ਮਿਲੇ ਤੇ ਉਹਨਾਂ ਦੇ ਚੰਗੇ ਸਫ਼ਰ ਦੀ ਕਾਮਨਾ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ 'ਤੇ ਪੰਜਾਬ ਭਰ ਵਿੱਚੋਂ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀਆਂ ਭੇਜੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਸਾਰਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ 'ਤੇ ਜਿੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਗੁਰੂ ਸਾਹਿਬ ਦੇ ਮਹਾਨ ਜੀਵਨ ਅਤੇ ਸਿਖਿਆਵਾਂ 'ਤੇ ਲੜੀਵਾਰ ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ 24 ਦਸੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੇੜੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਉੱਘੇ ਰਾਗੀ, ਢਾਡੀ, ਕੀਰਤਨੀਏ, ਕਵੀ ਤੇ ਵਿਦਵਾਨ ਗੁਰੂ ਸਾਹਿਬ ਦੇ ਜੀਵਨ 'ਤੇ ਚਾਨਣਾ ਪਾਉਣਗੇ। ਸ਼੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਗਏ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਕਰੀਬ 1540 ਸ਼ਰਧਾਲੂ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ 26 ਦਸੰਬਰ ਨੂੰ ਪਟਨਾ ਸਾਹਿਬ ਤੋਂ ਪੰਜਾਬ ਲਈ ਰਵਾਨਾ ਹੋਣਗੇ।
ਇਸ ਮੌਕੇ ਕੈਬਨਿਟ ਮੰਤਰੀ ਸ: ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।
ਜੈਕਾਰਿਆਂ ਦੀ ਗੂੰਜ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਲਈ ਰਵਾਨਾ ਹੋਈ ਇਸ ਵਿਸ਼ੇਸ਼ ਰੇਲ ਗੱਡੀ ਮੌਕੇ ਸ਼੍ਰੀਮਤੀ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਸ: ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਰਾਜਪੁਰਾ ਦੇ ਵਿਧਾਇਕ ਸ: ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ, ਸ਼ੁਤਰਾਣਾ ਦੇ ਵਿਧਾਇਕ ਸ: ਨਿਰਮਲ ਸਿੰਘ ਸ਼ੁਤਰਾਣਾ, ਸੰਗਰੂਰ ਦੇ ਵਿਧਾਇਕ ਸ਼੍ਰੀ ਵਿਜੈਇੰਦਰ ਸਿੰਗਲਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਡਵੀਜ਼ਨਲ ਕਮਿਸ਼ਨਰ ਸ਼੍ਰੀ ਵੀ.ਕੇ.ਮੀਨਾ, ਡਿਪਟੀ ਕਮਿਸ੍ਰਨਰ ਸ਼੍ਰੀ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਪੀ. ਸਿਟੀ ਸ: ਕੇਸਰ ਸਿੰਘ, ਤਹਿਸੀਲਦਾਰ ਪਟਿਆਲਾ ਸ਼੍ਰੀ ਸੁਭਾਸ਼ ਭਾਰਦਵਾਜ, ਮਿਊਂਸਪਲ ਕੌਂਸਲਰ ਸ਼੍ਰੀ ਨਰੇਸ਼ ਦੁੱਗਲ ਤੇ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਵੀ ਹਾਜ਼ਰ ਸਨ।