ਸਹੀਦ ਭਗਤ ਸਿੰਘ ਨਗਰ 20 ਦਸੰਬਰ 2017: ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਜ ਪੱਧਰੀ ਚੋਣ ਪ੍ਰਸ਼ਨੋਤਰੀ ਮੁਕਾਬਲੇ (ਕੁਇਜ਼ ਕੰਪੀਟੀਸ਼ਨ) 21 ਦਸੰਬਰ ਨੂੰ ਸਵੇਰੇ 11 ਵਜੇ ਰਾਇਤ ਤੇ ਬਾਹੜਾ ਕੈਂਪਸ ਰੈਲਮਾਜਰਾ ਦੇ ਸੈਮੀਨਾਰ ਹਾਲ ਵਿਖੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਰਾਜ ਦੇ ਸਮੂਹ ਜ਼ਿਲ੍ਹਿਆਂ ਦੀਆਂ ਅੰਤਰ ਸਕੂਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਭਾਗ ਲੈਣਗੀਆਂ।
ਇਹ ਜਾਣਕਾਰੀ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਰਣਜੀਤ ਕੌਰ ਨੇ ਇਸ ਕੁਇਜ਼ ਕੰਪੀਟੀਸ਼ਨ ਦੀ ਤਿਆਰੀ ਲਈ ਕੀਤੀ ਗਈ ਮੀਟਿੰਗ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵਿੱਚੋਂ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੀਆਂ ਟੀਮਾਂ ਨੂੰ ਪੁਰਸਕਾਰ ਦੇਣ ਤੋਂ ਇਲਾਵਾ, ਪਹਿਲੇ ਸਥਾਨ 'ਤੇ ਆਈ ਟੀਮ ਨੂੰ ਕੌਮੀ ਪੱਧਰ ਦੇ ਕੁਇਜ਼ ਮੁਕਾਬਲੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੀ ਨਿਰਣਾਇਕ ਟੀਮ ਦੀ ਅਗਵਾਈ ਮੁੱਖ ਚੋਣ ਅਫ਼ਸਰ ਪੰਜਾਬ ਦੀ ਅਗਵਾਈ ਹੇਠ ਬਣਾਈ ਗਈ ਹੈ, ਜਿਸ ਵਿੱਚ ਮੈਂਬਰਾਂ ਵਜੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਡਿਪਟੀ ਡਾਇਰੈਕਟਰ (ਇਲੈਕਟ੍ਰਾਨਿਕ ਮੀਡੀਆ) ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਸਟੇਟ ਸਵੀਪ ਨੋਡਲ ਅਫ਼ਸਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਲਾਚੌਰ ਦੇ ਲੈਕਚਰਾਰ ਬਖਸ਼ੀਸ਼ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਨਗਰਾ ਦੇ ਲੈਕਚਰਾਰ ਦਵਿੰਦਰ ਕੁਮਾਰ ਨੂੰ ਲਿਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੀਟਿੰਗ ਵਿੱਚ ਸ਼ਾਮਿਲ ਰਾਇਤ ਤੇ ਬਾਹੜਾ ਕੈਂਪਸ ਦੇ ਡਿਪਟੀ ਡਾਇਰੈਕਟਰ ਸੰਜੀਵ ਭਾਟੀਆ ਨੂੰ ਕੁਇਜ਼ ਕੰਪੀਟੀਸ਼ਨ ਵਿੱਚ ਭਾਗ ਲੈਣ ਆਉਣ ਵਾਲੀਆਂ ਟੀਮਾਂ ਦੇ ਰੀਫ਼੍ਰੈਸ਼ਮੈਂਟ ਅਤੇ ਦੁਪਹਿਰ ਦੇ ਖਾਣੇ ਦੇ ਪ੍ਰਬੰਧ ਕਰਵਾਉਣ ਲਈ ਵੀ ਆਖਿਆ ਜਿਸ ਦਾ ਖਰਚਾ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਡਾ. ਸੁਰਿੰਦਰਪਾਲ ਅਗਨੀਹੋਤਰੀ (ਜ਼ਿਲ੍ਹਾ ਮਾਸਟਰ ਟ੍ਰੇਨਰ ਚੋਣ ਅਮਲ) ਨੂੰ ਕੁਇਜ਼ ਕੰਪੀਟੀਸ਼ਨ ਲਈ ਪ੍ਰਸ਼ਨ ਉੱਤਰ ਤਿਆਰ ਕਰਨ, ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਦਿੱਤੇ ਜਾਣ ਵਾਲੇ ਯਾਦ ਚਿੰਨ੍ਹ ਅਤੇ ਸਰਟੀਫ਼ਿਕੇਟ ਤਿਆਰ ਕਰਵਾਉਣ ਅਤੇ ਸਮੂਹ ਟੀਮਾਂ ਨੂੰ ਮੁਕਾਬਲੇ ਵਿੱਚ ਭਾਗ ਲੈਣ ਸਬੰਧੀ ਭਾਗੀਦਾਰੀ ਸਰਟੀਫ਼ਿਕੇਟ ਤਿਆਰ ਕਰਵਾਉਣ ਦੀ ਜ਼ਿੰਮੇਂਵਾਰੀ ਸੌਂਪੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰ ਚੋਣਾਂ ਹਰੀਸ਼ ਕੁਮਾਰ ਅਤੇ ਕਾਨੂੰਗੋ ਵਿਵੇਕ ਮੋਹਿਲਾ ਨੂੰ ਇਸ ਰਾਜ ਪੱਧਰੀ ਕੁਇਜ਼ ਕੰਪੀਟੀਸ਼ਨ ਦੀ ਸਮੁੱਚੀ ਤਿਆਰੀ ਲਈ ਰਾਇਤ ਤੇ ਬਾਹੜਾ ਕੈਂਪਸ ਦੇ ਪ੍ਰਬੰਧਕਾਂ ਨਾਲ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨਾਲ ਤਾਲਮੇਲ ਰੱਖਣ ਲਈ ਆਖਿਆ ਗਿਆ।