ਜੀ ਐਸ ਪੰਨੂ
ਪਟਿਆਲਾ, 19 ਦਸੰਬਰ 2017:
ਪੰਜਾਬ ਵਿਚ ਹੋਈਆਂ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਹੁਕਮਰਾਨ ਕਾਂਗਰਸ ਪਾਰਟੀ ਵੱਲੋਂ ਅਕਾਲੀ ਉਮੀਦਵਾਰਾਂ ਦੀ ਕੁੱਟਮਾਰ ਅਤੇ ਬੂਥਾਂ ਉੱਤੇ ਕਬਜ਼ੇ ਕਰ ਕੇ ਨਜਾਇਜ਼ ਵੋਟਾਂ ਭੁਗਤਾਉਣ ਨੂੰ ਲੋਕਤੰਤਰ ਦਾ ਕਤਲ ਗਰਦਾਨਦਿਆਂ, ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਅਕਾਲੀਆਂ ਦੀ ਹੋਈ ਇਸ ਦੁਰਗਤ ਦਾ ਇੱਕ ਕਾਰਨ ਅਜੋਕੀ ਅਕਾਲੀ ਲੀਡਰਸ਼ਿਪ ਵੱਲੋਂ ਪੰਥਕ ਏਜੰਡੇ ਨੂੰ ਤਿਆਗ ਦੇਣਾ ਵੀ ਬਣਿਆ ਹੈ।
ਜਥੇਦਾਰ ਪੰਜੋਲੀ ਨੇ ਕਿਹਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਪਿਛਲੇ ਸਮੇਂ ਵਿਚ ਪੰਥਕ ਏਜੰਡਾ ਛੱਡ ਦੇਣ ਨਾਲ ਇਸ ਦੇ ਆਗੂਆਂ ਅਤੇ ਵਰਕਰਾਂ ਵਿਚ ਪੰਥਕ ਜਜ਼ਬਾ ਕਮਜ਼ੋਰ ਪੈ ਗਿਆ ਹੈ ਜਿਸ ਕਾਰਨ ਕਾਂਗਰਸ ਦੀ ਅਕਾਲੀ ਆਗੂਆਂ ਦੀ ਕੁੱਟਮਾਰ ਕਰਨ ਦੀ ਜੁਰਅਤ ਪਈ। ਉਨ੍ਹਾਂ ਕਿਹਾ ਕਿ ਪੰਥਕ ਜਜ਼ਬਾ ਹੀ ਅਕਾਲੀਆਂ ਦੀ ਅਸਲ ਸ਼ਕਤੀ ਰਿਹਾ ਹੈ ਜਿਸ ਸਦਕਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਬੇ ਤੇ ਲਹੂ ਡੋਲਵੇਂ ਸੰਘਰਸ਼ ਲੜ ਕੇ ਜਿੱਤਾਂ ਪ੍ਰਾਪਤ ਕੀਤੀਆਂ।
ਅਕਾਲੀ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਸੋਚਣਾ ਪਵੇਗਾ ਕਿ ਪਿਛਲੀ ਵਿਧਾਨ ਸਭਾ ਅਤੇ ਕੱਲ੍ਹ ਹੋਈਆਂ ਨਗਰ ਨਿਗਮਾਂ ਤੇ ਕੌਂਸਲਾਂ ਦੀਆਂ ਚੋਣਾਂ ਵਿਚ ਇਸ ਨੂੰ ਸ਼ਰਮਨਾਕ ਹਾਰ ਦਾ ਮੂੰਹ ਕਿਉਂ ਵੇਖਣਾ ਪਿਆ। ਉਨ੍ਹਾਂ ਕਿਹਾ ਕਿ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨੇ ਜਾਂਦੇ ਪਟਿਆਲਾ ਸ਼ਹਿਰ ਵਿਚ ਅਕਾਲੀ ਦਲ ਦੇ ਉਮੀਦਵਾਰ ਕਾਂਗਰਸ ਪਾਰਟੀ ਦੀ ਧੱਕੇਸ਼ਾਹੀ ਦਾ ਮੁਕਾਬਲਾ ਕਿਉਂ ਨਹੀਂ ਕਰ ਸਕੇ। ਅਕਾਲੀ ਆਗੂ ਨੇ ਕਿਹਾ ਕਿ ਇਸ ਦਾ ਇੱਕ ਕਾਰਨ ਇਹ ਹੈ ਕਿ ਪਿਛਲੇ ਦਸ ਸਾਲਾਂ ਦੇ ਅਕਾਲੀ ਰਾਜ ਦੌਰਾਨ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਉਹ ਮਾਨ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ ਅਤੇ ਸਿੱਟੇ ਵਜੋਂ ਉਹ ਨਿਰਾਸ਼ ਹੋ ਕੇ ਘਰੀਂ ਬੈਠ ਗਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਅੱਗੇ ਲਿਆਂਦਾ ਗਿਆ ਉਨ੍ਹਾਂ ਵਿਚ ਟਕਸਾਲੀ ਅਕਾਲੀਆਂ ਵਾਲਾ ਲੜਨ ਮਰਨ ਦਾ ਜਜ਼ਬਾ ਹੀ ਨਹੀਂ ਹੈ ਜਿਸ ਕਾਰਨ ਕਾਂਗਰਸ ਹੱਥੋਂ ਮਾਰ ਵੀ ਖਾਧੀ ਤੇ ਹਾਰ ਦਾ ਮੂੰਹ ਵੀ ਵੇਖਣਾ ਪਿਆ।
ਜਥੇਦਾਰ ਪੰਜੋਲੀ ਨੇ ਅਕਾਲੀ ਲੀਡਰਸ਼ਿਪ ਨੂੰ ਸਲਾਹ ਦਿੱਤੀ ਹੈ ਕਿ ਹਾਲੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਇੱਕੋ ਇੱਕ ਰਾਹ ਇਸ ਨੂੰ ਮੁੜ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਥਕ ਪਾਰਟੀ ਦੀ ਥਾਂ ਪੰਜਾਬੀ ਪਾਰਟੀ ਬਣ ਕੇ ਇਸ ਨੇ ਪੰਜਾਬ ਵਿਚ ਕੁਝ ਸਮਾਂ ਰਾਜ ਤਾਂ ਭਾਵੇਂ ਘਰ ਲਿਆ ਹੈ, ਪਰ ਇਸ ਰਾਜ ਦੌਰਾਨ ਨਾ ਤਾਂ ਸਿੱਖ ਮਸਲੇ ਹੀ ਹੱਲ ਹੋਏ ਹਨ ਅਤੇ ਨਾ ਹੀ ਚਿਰਾਂ ਤੋਂ ਲਟਕ ਰਹੇ ਪੰਜਾਬ ਦੇ ਮਸਲਿਆਂ ਦਾ ਨਿਬੇੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਕਰਾਉਣ ਦੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਹਨ ਉਹ ਸੰਘਰਸ਼ ਕਰ ਕੇ ਹੀ ਕੀਤੀਆਂ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਪੰਥਕ ਤੇ ਜੁਝਾਰੂ ਵਿਰਸਾ ਨਹੀ ਭੁੱਲਣਾ ਚਾਹੀਦਾ।
ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ.ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਲਾਹ ਦਿੱਤੀ ਕਿ ਸ਼ਹਿਰ ਪਟਿਆਲੇ ਦੇ ਅੰਦਰ ਅਕਾਲੀ ਦਲ ਦੇ ਥੰਮ੍ਹ ਵਜ਼ੋ ਜਾਣੇ ਜਾਂਦੇ ਰਹੇ ਟਕਸਾਲੀ ਅਕਾਲੀ ਆਗੂ ਸੁਰਜੀਤ ਸਿੰਘ ਕੋਹਲੀ (ਸਾਬਕਾ ਮੰਤਰੀ) ਅਤੇ ਇੰਦਰਮੋਹਨ ਸਿੰਘ ਬਜਾਜ ਦੇ ਪਰਿਵਾਰ ਵਰਗੇ ਟਕਸਾਲੀ ਅਕਾਲੀਆਂ ਨੂੰ ਅਗਵਾਈ ਦੇਣੀ ਚਾਹੀਦੀ ਹੈ।ਇਹਨਾਂ ਦੋਵੇਂ ਪਰਿਵਾਰਾਂ ਦੀ ਪੰਥ ਅਤੇ ਪੰਜਾਬ ਲਈ ਵੱਡੀ ਸੇਵਾ ਹੈ ਅਤੇ ਦੋਵੇਂ ਹੀ ਪਰਿਵਾਰਾਂ ਵਿਚ ਪੰਥਕ ਜਜ਼ਬਾ ਵੀ ਪ੍ਰਬਲ ਹੈ।ਇਹਨਾਂ ਦੋਹੇ ਪਰਿਵਾਰਾਂ ਨੂੰ ਲਾਂਭੇ ਕਰਕੇ ਅਤੇ ਕਿਸੇ ਗੈਰ ਪੰਥਕ ਵਿਅਕਤੀ ਨੂੰ ਤਾਕਤ ਦਈ ਰੱਖਣਾ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ।