← ਪਿਛੇ ਪਰਤੋ
ਪਟਿਆਲਾ 16 ਦਸੰਬਰ 2017 : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਅਕੈਡਮੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ 'ਆਸ਼ਟ' ਰਚਿਤ ਬਾਲ ਸਾਹਿਤ ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹਰਿਆਣਾ ਸਰਕਾਰ ਦੇ ਪੰਚਕੂਲਾ ਸਥਿਤ ਮੌਲਿਕ ਸਿੱਖਿਆ ਵਿਭਾਗ ਅਨੁਸਾਰ ਡਾ. 'ਆਸ਼ਟ' ਦੀਆਂ ਵੰਨ-ਸੁਵੰਨੀਆਂ ਰਚਨਾਵਾਂ ਸੱਤਵੀਂ ਸ਼੍ਰੇਣੀ ਦੀ ਪੰਜਾਬੀ ਪਾਠ ਪੁਸਤਕ 'ਦੂਜਾ ਪੜਾਅ' ਵਿਚ ਅਤੇ ਦਸਵੀਂ ਸ਼੍ਰੇਣੀ ਦੀ ਪੰਜਾਬੀ ਪਾਠ-ਪੁਸਤਕ 'ਸਾਹਿਤਕ ਰੰਗ' ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਪਾਠਕ੍ਰਮ ਹਰਿਆਣਾ ਦੇ ਉਨ੍ਹਾਂ ਸਾਰੇ ਸਕੂਲਾਂ ਵਿਚ ਲਾਗੂ ਕੀਤਾ ਗਿਆ ਹੈ ਜਿਨ੍ਹਾਂ ਵਿਚ ਪੰਜਾਬੀ ਵਿਸ਼ਾ ਲਾਗੂ ਹੈ। ਭਾਸ਼ਾਈ ਮਾਹਿਰਾਂ, ਸਿੱਖਿਆ ਅਧਿਕਾਰੀਆਂ ਅਤੇ ਵਿਦਵਾਨਾਂ ਦੇ ਸੰਪਾਦਕੀ ਮੰਡਲ ਨੇ ਹਰਿਆਣਾ ਦੇ ਲਗਭਗ ਪੈਂਤੀ ਸਾਲ ਪੁਰਾਣੇ ਪਾਠਕ੍ਰਮ ਨੂੰ ਬਦਲ ਕੇ ਵਰਤਮਾਨ ਸਮਾਜ ਨਾਲ ਸੰਬੰਧਿਤ ਗਿਆਨ ਵਿਗਿਆਨਕ ਲਿਖਤਾਂ ਨੂੰ ਪੰਜਾਬੀ ਪਾਠ ਪੁਸਤਕਾਂ ਵਿਚ ਸਥਾਨ ਦਿੱਤਾ ਹੈ। ਇਹ ਪਾਠ ਨਵੇਂ ਵਿੱਦਿਅਕ-ਸੈਸ਼ਨ ਤੋਂ ਲਾਗੂ ਹਨ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੂੰ ਜੀਵਨ ਮੁੱਲਾਂ ਪ੍ਰਤੀ ਪ੍ਰੇਰਿਤ ਕਰਦੀਆਂ ਡਾ. 'ਆਸ਼ਟ' ਦੀਆਂ ਲਿਖਤਾਂ ਨਾਲ ਸੰਬੰਧਿਤ ਪਾਠ ਪੁਸਤਕਾਂ ਵਿਚੋਂ ਇਕ ਪਾਠ ਪੁਸਤਕ 'ਦੂਜਾ ਪੜਾਅ' ਸਰਬ ਸਿੱਖਿਆ ਅਭਿਆਨ ਦੇ ਤਹਿਤ ਹਰਿਆਣਾ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਪਾਠ ਪੁਸਤਕ ਦੀਆਂ 65000 ਤੋਂ ਵੀ ਵੱਧ ਕਾਪੀਆਂ ਛਾਪੀਆਂ ਗਈਆਂ ਹਨ।ਕੁਝ ਸਾਲ ਪਹਿਲਾਂ ਡਾ. 'ਆਸ਼ਟ' ਦੀਆਂ ਲਿਖਤਾਂ ਮਹਾਰਾਸ਼ਟਰ ਸਰਕਾਰ ਵੱਲੋਂ ਵੀ ਆਪਣੇ ਸਕੂਲਾਂ ਦੀਆਂ ਪਾਠ ਪੁਸਤਕਾਂ ਲਈ ਪ੍ਰਵਾਨ ਕੀਤੀਆਂ ਗਈਆਂ ਸਨ। ਦਿੱਲੀ ਸਰਕਾਰ ਦੇ ਸਿੱਖਿਆ ਬੋਰਡ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ,ਮੋਹਾਲੀ ਦੀਆਂ ਵੱਖ ਵੱਖ ਪੰਜਾਬੀ ਪਾਠ ਪੁਸਤਕਾਂ ਤੋਂ ਇਲਾਵਾ ਸੀ.ਬੀ.ਐੱਸ.ਈ. ਨਵੀਂ ਦਿੱਲੀ ਨਾਲ ਸੰਬੰਧਿਤ ਕੁਝ ਇਕ ਪਾਠ-ਪੁਸਤਕਾਂ ਵਿਚ ਅਤੇ ਪਾਕਿਸਤਾਨ ਵਿਚ ਵੀ ਡਾ. 'ਆਸ਼ਟ' ਰਚਿਤ ਸਾਹਿਤ ਪੰਜਾਬੀ ਸਿਲੇਬਸ ਦੇ ਹਿੱਸੇ ਵਜੋਂ ਪੜ੍ਹਾਇਆ ਜਾ ਰਿਹਾ ਹੈ।
Total Responses : 936