ਜੀ ਐੱਸ ਪੰਨੂ
ਪਟਿਆਲਾ, 15 ਦਸੰਬਰ 2017
ਕੈਨੇਡਾ ਦੇ ਕੌਂਸਲ ਜਨਰਲ ਸ਼੍ਰੀ ਕ੍ਰਿਸਟੋਫਰ ਗਿਬਿਨਜ਼ ਨੇ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਪੰਜਾਬੀ ਯੂਨੀਵਰਸਿਟੀ ਵਿਚਾਲੇ ਵਿਦਿਆਰਥੀਆਂ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਦੇ ਸੰਦਰਭ ਵਿੱਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਅਤੇ ਕੈਨੇਡਾ ਵਿਚਕਾਰ ਇਕ ਨਵੀਂ ਵਿੰਡੋ ਖੋਲ੍ਹਣ ਦੀ ਤਜਵੀਜ਼ ਰੱਖੀ ਹੈ। ਸ਼੍ਰੀ ਗਿਬਿਨਜ਼ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਦੇ ਸੱਦੇ ਤੇ ਡੀਨਾਂ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਭਾਰਤੀ ਅਤੇ ਕੈਨੇਡੀਅਨ ਸਿੱਖਿਆ ਸੰਸਥਾਵਾਂ ਦਰਮਿਆਨ ਸਬੰਧਾਂ ਨੂੰ ਨਿਯਮਬੱਧ ਕਰਨ ਲਈ ਭਵਿੱਖ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਵੇਰਵੇ ਅਤੇ ਰੂਪ-ਰੇਖਾ ਬਾਰੇ ਵਿਚਾਰ ਕਰਨ ਲਈ ਆਏ ਹੋਏ ਸਨ। ਕੈਨੇਡੀਅਨ ਕੌਂਸਲੇਟ ਦਾ ਮੁੱਢਲਾ ਮੰਤਵ ਇਕ ਦੂਜੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਕੇ ਦੋਹਾਂ ਦੇਸ਼ਾਂ ਦੇ ਆਪਸੀ ਵਿਕਾਸ ਵਿੱਚ ਵੀ ਇਕ ਦੂਜੇ ਦੀ ਮਦਦ ਕਰਨਾ ਹੈ।ਡਾ. ਘੁੰਮਣ ਨੇ ਸ਼੍ਰੀ ਕ੍ਰਿਸਟੋਫਰ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸੰਸਾਰ ਭਰ ਵਿਚ ਖਾਸ ਤੌਰ 'ਤੇ ਕੈਨੇਡਾ, ਜਿਥੇ ਵੱਡੀ ਗਿਣਤੀ ਵਿਚ ਪੰਜਾਬੀ ਪ੍ਰਵਾਸੀ ਇਸਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ, ਕਿਸੇ ਵੀ ਵਿਦਿਅਕ ਸੰਸਥਾ ਨਾਲ ਭਾਈਵਾਲ ਹੋਣ ਲਈ ਇਕ ਮਹਾਨ ਸੰਸਥਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਇਸ ਖੇਤਰ ਵਿਚ ਪੰਜਾਬ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿਚੋਂ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਜਿਸ ਵਿਚ 278 ਸਬੰਧਤ ਕਾਲਜ, 13 ਨੇਬਰਹੁੱਡ ਅਤੇ ਰੀਜਨਲ ਕੈਂਪਸ ਅਤੇ 14 ਕੌਂਸਟੀਚੁਐਂਟ ਕਾਲਜ ਹਨ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਪਹਿਲਾਂ ਹੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਰੋਇਲ ਅਕੈਡਮੀ ਆਫ ਭੰਗਡ਼ਾ, ਕਵਾਂਟਲਨ ਯੂਨੀਵਰਸਿਟੀ ਕਾਲਜ, ਸਰੀ ਅਤੇ ਆਲਗੋਨਕੁਇਨ ਕਾਲਜ ਆਫ ਅਪਲਾਈਡ ਆਰਟਸ ਐਂਡ ਟੈਕਨਾਲੌਜੀ ਔਟਾਵਾ, ਓਨਟਾਰੀਓ, ਕੈਨੇਡਾ ਸਮੇਤ ਚਾਰ ਯੂਨੀਵਰਸਿਟੀਆਂ ਨਾਲ ਆਪਸੀ ਇਕਰਾਰਨਾਮਿਆਂ ਤੇ ਦਸਤਖਤ ਕੀਤੇ ਹਨ। ਡਾ. ਘੁੰਮਣ ਨੇ ਸ੍ਰੀ ਗਿਬਿਨਜ਼ ਨੂੰ ਵਿਦਿਅਕ ਖੇਤਰ ਵਿੱਚ ਆਪਸੀ ਲਾਭ ਲੈਣ ਸਬੰਧੀ ਪਰਸਪਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਨਾਲ ਸੰਪਰਕ ਵਿੱਚ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਤੇ ਡਾ. ਘੁੰਮਣ ਨੇ ਸ਼੍ਰੀ ਗਿਬਿਨਜ਼ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਫੁੱਲਕਾਰੀ, ਪੁਸਤਕਾਂ ਦਾ ਸੈੱਟ ਅਤੇ ਸਨਮਾਨ ਚਿੰਨ ਦੇ ਕੇ ਨਿਵਾਜਿਆ।