ਪਟਿਆਲਾ 15 ਦਸੰਬਰ 2017
ਵੱਖ-ਵੱਖ ਤਰ੍ਹਾਂ ਦੇ ਸੰਗੀਤਕ ਪ੍ਰੈਸ਼ਰ ਹਾਰਨ ਪੰਜਾਬ ਅੰਦਰ ਸ਼ੋਰ ਪ੍ਰਦੂਸ਼ਣ ਦੇ ਪ੍ਰਮੁੱਖ ਸ੍ਰੋਤ ਸਨ ਅਤੇ ਬੋਰਡ ਨੇ ਅਜਿਹੇ ਹਾਰਨਾਂ ਦੇ ਬਣਾਉਣ, ਲਗਾਉਣ ਅਤੇ ਵਜਾਉਣ ਤੇ ਹਵਾ ਪ੍ਰਦੂਸ਼ਣ ਕੰਟਰੋਲ ਐਕਟ, 1981 ਅਧੀਨ ਸਤੰਬਰ, 2017 ਵਿੱਚ ਪੂਰੀ ਪਾਬੰਦੀ ਲਗਾ ਕੇ ਇਸ ਤੇ ਕਾਬੂ ਪਾਉਣ ਲਈ ਇੱਕ ਵਿਆਪਕ ਮੁਹਿੰਮ ਵਿੱਢੀ। ਬੋਰਡ ਦੇ ਅਫ਼ਸਰਾਂ ਅਤੇ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਤੇ ਆਧਾਰਤ ਟੀਮਾਂ ਨੇ ਲਗਾਤਾਰ ਚੈਕਿੰਗ ਕਰਕੇ ਇਹ ਪ੍ਰੈਸ਼ਰ ਹਾਰਨ ਉਤਾਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਪਰ ਸਮੱਸਿਆ ਅਜੇ ਵੀ ਕਿਤੇ-ਕਿਤੇ ਦਿਖਾਈ ਦਿੰਦੀ ਹੈ। ਟ੍ਰੈਫ਼ਿਕ ਪੁਲਿਸ ਪ੍ਰੈਸ਼ਰ ਹਾਰਨਾਂ ਦੇ ਚਾਲਾਨ ਕੱਟਦੀ ਹੈ ਅਤੇ ਬੋਰਡ ਨੇ ਵੀ ਬੱਸਾਂ, ਟਰੱਕਾਂ ਦੇ ਚਾਲਕਾਂ ਅਤੇ ਮਾਲਕਾਂ ਨੂੰ ਤਾੜਨਾ ਜਾਰੀ ਕਰਦਿਆਂ ਕਿਹਾ ਹੈੈ ਕਿ ਪੰਜਾਬ ਦੀ ਹਦੂਦ ਅੰਦਰ ਸੰਗੀਤਕ ਪ੍ਰੈਸ਼ਰ ਹਾਰਨ ਬਣਾਉਣ ਅਤੇ ਵਜਾਉਣ ਤੇ ਪੂਰਨ ਪਾਬੰਦੀ ਹੈ।
ਬੋਰਡ ਦੇ ਚੇਅਰਮੈਨ, ਸ਼੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਰੋਕਥਾਮ ਐਕਟ-1981 ਤਹਿਤ ਸੰਗੀਤਕ ਪ੍ਰੈਸ਼ਰ ਹਾਰਨ ਲਗਾਉਣਾ, ਵਜਾਉਣਾ ਪਾਬੰਦੀਸ਼ੁਦਾ ਹੋਣ ਕਾਰਨ ਕਸ਼ੂਰਵਾਰਾਂ ਲਈ ਜ਼ੁਰਮਾਨੇ ਦੇ ਨਾਲ-ਨਾਲ 6 ਸਾਲ ਤੱਕ ਦੀ ਕੈਦ ਦੀ ਵਿਵਸਥਾ ਵੀ ਹੈ। ਉਹਨਾਂ ਦੱਸਿਆ ਕਿ ਆਮ ਤੌਰ ਤੇ ਅਜਿਹੇ ਸੰਗੀਤਕ ਪ੍ਰੈਸ਼ਰ ਹਾਰਨ 55 ਡੈਸੀਬਲ ਦੀ ਨਿਰਧਾਰਤ ਹੱਦ ਤੋਂ ਕਿਤੇ ਵੱਧ 100 ਡੈਸੀਬਲ ਤੋਂ ਵੀ ਉੱਚਾ ਸ਼ੋਰ ਪੈਦਾ ਕਰਦੇ ਹਨ ਜੋ ਬੱਚਿਆ, ਬਜ਼ੁਰਗਾਂ, ਔਰਤਾਂ ਆਦਿ ਲਈ ਘਾਤਕ ਹੈ। ਬੋਰਡ ਨੇ ਇਸ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਰੁਖ਼ ਅਪਣਾਇਆ ਹੈ ਅਤੇ ਲਗਾਤਾਰ ਚੈਕਿੰਗ ਕਾਰਵਾਈ ਜਾ ਰਹੀ ਹੈ। ਇਸ ਸਬੰਧੀ ਬੋਰਡ ਨੇ ਇਸ਼ਤਿਹਾਰ ਦੇ ਕੇ ਇੱਕ ਮੋਬਾਇਲ ਨੰ: 98789-50593 ਜਾਰੀ ਕੀਤਾ ਹੈ ਜਿਸ ਤੇ ਅਜਿਹੇ ਪ੍ਰੈਸ਼ਰ ਹਾਰਨਾਂ ਦੁਆਰਾ ਸ਼ੋਰ ਪ੍ਰਦੂਸ਼ਣ ਕਰਨ ਵਾਲੀਆਂ ਗੱਡੀਆਂ, ਬੱਸਾਂ , ਟਰੱਕਾਂ ਆਦਿ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਸ੍ਰੀ ਪੰਨੂੰ ਨੇ ਦੱਸਿਆ ਕਿ ਇਸ ਸਬੰਧੀ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਪੰਨੂੰ ਨੇ ਗੱਡੀਆਂ ਦੇ ਮਾਲਕਾਂ ਅਤੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਮੋਟਰ ਗੱਡੀਆਂ ਤੇ ਲੱਗੇ ਪ੍ਰੈਸ਼ਰ ਹਾਰਨ ਤੁਰੰਤ ਉਤਾਰ ਦੇਣ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।