ਪਟਿਆਲਾ, 15 ਦਸੰਬਰ 2017 : ਡਿਪਟੀ ਕਮਿਸ਼ਨਰ-ਕੰਮ-ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਨੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਜੇਕਰ ਕੋਈ ਟੀ.ਵੀ. ਚੈਨਲ, ਅਖਬਾਰ ਜਾਂ ਕਿਸੇ ਹੋਰ ਮਾਧਿਆਮ ਨਾਲ ਟਰੈਵਲ ਏਜੰਟਾਂ ਦੀ ਮਸ਼ਹੂਰੀ ਕਰਨ ਵਾਲੇ ਵਿਗਿਆਪਨ ਜਾਰੀ ਕੀਤੇ ਜਾਣ ਤਾਂ ਇਸ ਤਰ੍ਹਾਂ ਦਾ ਇਸਤਿਹਾਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਟਰੈਵਲ ਏਜੰਟ ਨੂੰ ਜਾਰੀ ਕੀਤੇ ਗਏ ਲਾਇਸੰਸ ਨੰਬਰ ਦੀ ਜਾਂਚ ਜਰੂਰੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਟਰੈਵਲ ਏਜੰਟ ਦਾ ਕਿੱਤਾ ਕਰਨ ਵਾਲਿਆ ਨੂੰ ਲਾਇਸੰਸ ਲੈਣਾ ਜਰੂਰੀ ਕੀਤਾ ਗਿਆ ਸੀ। ਜ਼ਿਲ੍ਹੇ ਵਿੱਚ ਕੰਮ ਕਰ ਰਹੇ ਟਰੈਵਲ ਏਜੰਟਾਂ ਨੂੰ ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ 2012 ਦੇ ਤਹਿਤ ਲਾਇਸੰਸ ਜਾਰੀ ਕੀਤੇ ਗਏ ਹਨ। ਸਿਰਫ ਮਾਨਤਾ ਪ੍ਰਾਪਤ ਟਰੈਵਲ ਏਜੰਟ ਹੀ ਆਪਣੀ ਮਸ਼ਹੂਰੀ ਕਰਵਾ ਸਕਦੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਭੋਲੇ ਭਾਲੇ ਲੋਕੀ ਧੋਖੇ ਦਾ ਸ਼ਿਕਾਰ ਨਾ ਹੋਣ ਇਸ ਲਈ ਟੀ.ਵੀ. ਚੈਨਲਾਂ ਅਤੇ ਅਖਬਾਰਾਂ ਨੂੰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਲਾਇਸੰਸ ਨੰਬਰ ਚੈਕ ਕਰਨ ਉਪਰੰਤ ਹੀ ਟਰੈਵਲ ਏਜੰਟਾਂ ਦੀ ਮਸ਼ਹੂਰੀ ਕੀਤੀ ਜਾਵੇ। ਅਜਿਹਾ ਨਾ ਕਰਨ ਵਾਲਿਆ ਵਿਰੁੱਧ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨ ਬਾਰੇ ਵੀ ਦਿਸ਼ਾ ਨਿਰਦੇਸ਼ ਹਾਸਲ ਹੋਏ ਹਨ।