ਸ੍ਰੀਮਤੀ ਪਰਨੀਤ ਕੌਰ ਚੋਣ ਪ੍ਰਚਾਰ ਦੌਰਾਨ।
ਜੀ ਐੱਸ ਪੰਨੂ
ਪਟਿਆਲਾ, 14 ਦਸੰਬਰ 2017 ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਲਈ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਬਹੁਕਰੋੜੀ ਤਜਵੀਜ ਤਿਆਰ ਕੀਤੀ ਗਈ ਹੈ, ਜਿਸ ਤਹਿਤ ਸ਼ਾਹੀ ਸ਼ਹਿਰ ਲਈ ਏਸ਼ੀਅਨ ਵਿਕਾਸ ਬੈਂਕ ਨੇ 717.17 ਕਰੋੜ ਰੁਪਏ ਦਾ ਫਾਇਨਾਂਸ ਕਰਨ ਲਈ ਸਹਿਮਤੀ ਜਤਾਈ ਹੈ। ਉਨਾਂ ਇਥੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਨਿਗਮ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੂੰਝਾ ਫੇਰ ਜਿੱਤ ਹੋਵੇਗੀ, ਕਿਉਂਕਿ ਲੋਕ ਕਾਂਗਰਸ ਪਾਰਟੀ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ, ਇਸ ਲਈ ਵਿਰੋਧੀ ਹੁਣ ਕੂੜ ਪ੍ਰਚਾਰ 'ਤੇ ਉਤਰ ਆਏ ਹਨ ਪਰ ਇਨਾ ਦੀ ਅਸਲੀਅਤ ਬਾਰੇ ਲੋਕ ਭਲੀ ਭਾਂਤ ਜਾਣੂ ਹਨ।
ਵੱਖ-ਵੱਖ ਵਾਰਡਾਂ 'ਚ ਉਨਾਂ ਦੇ ਨਾਲ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਆਦਿ ਹਾਜਰ ਸਨ। ਇਸ ਦੌਰਾਨ ਸੰਤੋਖ ਸਿੰਘ, ਵੇਦ ਪ੍ਰਕਾਸ਼ ਗੁਪਤਾ, ਸੁਖਦੇਵ ਮਹਿਤਾ, ਨਰੇਸ਼ ਦੁੱਗਲ, ਲਾਲਜੀਤ, ਦਲਜੀਤ ਸਿੰਘ ਦੁਲਟ, ਵਿਨੋਦ ਕੁਮਾਰ, ਜਸਵਿੰਦਰ ਜੁਲਕਾ ਵੀ ਮੌਜੂਦ ਸਨ।ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਸਾਰੇ ਵਾਰਡਾਂ ਦੇ ਵਿਕਾਸ ਨੂੰ ਉਹ ਆਪਣੀ ਨਿਗਰਾਨੀ ਹੇਠ ਕਰਵਾਉਣਗੇ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਏਜੰਡਾ ਹੈ ਕਿ ਬਿਹਤਰ ਪ੍ਰਬੰਧਾਂ ਤਹਿਤ ਸ਼ਹਿਰ 'ਚ ਐਲ.ਈ.ਡੀ. ਸਟਰੀਟ ਲਾਈਟਾਂ, ਅੱਗ ਬੁਝਾਊ ਪ੍ਰਬੰਧ 'ਚ ਵੱਡੇ ਸੁਧਾਰ, ਕੂੜਾ-ਕਰਕਟ ਇਕੱਠਾ ਕਰਨ ਤੇ ਢੋਹਣ ਦੇ ਪ੍ਰਬੰਧ ਬਿਹਤਰ, ਕੂੜੇ ਵਾਲੇ ਕੰਟੇਨਰਾਂ ਨੂੰ ਅੰਡਰਗਰਾਊਂਡ ਤੇ ਸੈਮੀ-ਅੰਡਰਗਰਾਊਂਡ ਕੰਟੇਨਰਾਂ (ਕੂੜੇਦਾਨ) 'ਚ ਬਦਲਿਆ ਜਾਵੇ। ਇਸ ਤੋਂ ਬਿਨਾਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕੰਮਕਾਜ ਨੂੰ ਸਰਲ ਬਣਾਉਣ ਅਤੇ ਬੇਨਿਯਮੀਆਂ-ਕਮੀਆਂ ਦਾ ਪਤਾ ਲਾਉਣ ਦੇ ਮੰਤਵ ਨਾਲ ਫੋਰੈਂਸਿਕ ਆਡਿਟ ਕਰਵਾਇਆ ਜਾਵੇਗਾ।
ਇਸ ਮੌਕੇ ਵਿਜੇਪਾਲ ਗਰਗ, ਤਰਸੇਮ ਲਾਲ ਸਿੰਗਲਾ, ਜੀ.ਐਸ. ਖਹਿਰਾ, ਪਰਮਜੀਤ ਭੱਲਾ, ਡਾ. ਰੇਖੀ, ਪਵਨ ਕੁਮਾਰ ਗਰਗ, ਬਲਦੇਵ ਕ੍ਰਿਸ਼ਨ ਸਿੰਗਲਾ, ਬਾਲ ਕ੍ਰਿਸ਼ਨ ਬਾਲਾ ਸਮੇਤ ਵੱਡੀ ਗਿਣਤੀ ਵਾਰਡ ਨਿਵਾਸੀ ਮੌਜੂਦ ਸਨ।