ਬਠਿੰਡਾ , 14 ਦਸੰਬਰ 2017: ਜਮਹੂਰੀ ਅਧਿਕਾਰ ਸਭਾ ਨੇ ਬਠਿੰਡਾ ਪੁਲਿਸ ਵੱਲੋਂ ਨਾਬਾਲਿਗ ਦਲਿਤ ਲੜਕੇ ਤੇ ਗੈਰਕਨੂੰਨੀ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਨ ਦੀਆਂ ਖਬਰਾਂ ਮਿਲਣ ਪਿੱਛੋਂ ਇੱਕ ਚਾਰ ਮੈਂਬਰੀ ਟੀਮ ਬਣਾਈI ਜਿਸ ਵਿੱਚ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸੂਬਾ ਕਮੇਟੀ ਮੈਂਬਰ ਐਡਵੋਕੇਟ ਐਨ ਕੇ ਜੀਤ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਸ਼ਾਮਿਲ ਹੋਏI ਸੰਤੋਖ ਸਿੰਘ ਮੱਲ੍ਹਣ ਪ੍ਰਿੰਸੀਪਲ ਰਣਜੀਤ ਸਿੰਘ ਦਰਸ਼ਨ ਮੌੜ ਅਤੇ ਤਰਸੇਮ ਨੇ ਇਸ ਟੀਮ ਦੀ ਸਹਾਇਤਾ ਕੀਤੀI ਟੀਮ ਨੇ ਹਸਪਤਾਲ ਵਿੱਚ ਜਾ ਕੇ ਦਾਖ਼ਲ ਪੀੜਤ ਬੱਚੇ ਅਤੇ ਉਸ ਦੀ ਮਾਂ ਨੂੰ ਮਿਲ ਕੇ ਉਨ੍ਹਾਂ ਦੀ ਹੱਡਬੀਤੀ ਸੁਣੀI ਟੀਮ ਹਸਪਤਾਲ ਦੇ ਐਸਐਮਓ ਤੇ ਹੋਰ ਡਾਕਟਰਾਂ ਨੂੰ ਵੀ ਮਿਲੀI ਡਾਕਟਰੀ ਮੁਆਇਨੇ ਦੀ ਰਿਪੋਰਟ ਤੇ ਮਾਂ ਤੇ ਬੱਚੇ ਦੇ ਬਿਆਨਾਂ ਦੀਆਂ ਨਕਲਾਂ ਹਾਸਲ ਕੀਤੀਆਂI ਟੀਮਾਂ ਦਾ ਇੱਕ ਵਫ਼ਦ ਸਿਵਲ ਸਰਜਨ ਨੂੰ ਉਸ ਦਾ ਪੱਖ ਜਾਨਣ ਲਈ ਮਿਲਿਆI ਟੀਮ ਮੁਹੱਲੇ ਵਿੱਚ ਵੀ ਗਈI ਜਿੱਥੇ ਇਹ ਘਟਨਾ ਵਾਪਰੀ ਅਤੇ ਸਬੰਧਤ ਲੋਕਾਂ ਸਮੇਤ ਦਵਿੰਦਰ ਵਰਮਾ ਦੀ ਪਤਨੀ ਪ੍ਰਵੀਨ ਵਰਮਾ ਨੂੰ ਮਿਲੀI ਸਭਾ ਦੀ ਪੜਤਾਲੀਆ ਟੀਮ ਜ਼ਿਲ੍ਹੇ ਦੇ ਪੁਲੀਸ ਮੁਖੀ ਐਸਐਸਪੀ ਨਵੀਨ ਸਿੰਗਲਾ ਨੂੰ ਮਿਲੀI ਵਿਸਥਾਰ ਸਹਿਤ ਜਾਣਕਾਰੀ ਲਈ ਅਤੇ ਪੁਲਿਸ ਦਾ ਪੱਖ ਜਾਣਿਆI ਸਭਾ ਦੀ ਪੜਤਾਲੀਆ ਟੀਮ ਵੱਲੋਂ ਤਿਆਰ ਕੀਤੀ ਗਈ ਇਸ ਮੁੱਢਲੀ ਰਿਪੋਰਟ ਵਿੱਚ ਨੂੰ ਸਭਾ ਦੇ ਪ੍ਰੈਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਐਮ ਡੀ ਵੱਲੋਂ ਪ੍ਰੈੱਸ ਨੂੰ ਜਾਰੀ ਕੀਤਾ ਗਿਆI ਪੜਤਾਲੀਆ ਟੀਮ ਮੁਤਾਬਕ 12 ਸਾਲ ਦੇ ਪੰਜਵੀਂ ਪਾਸ ਬੱਚੇ ਨੂੰ ਮਾਤਾ ਰਾਣੀ ਗਲੀ ਤੋਂ ਪਤੰਗ ਲੁੱਟਦਿਆਂ ਫੜ ਕੇ ਦਵਿੰਦਰ ਕੁਮਾਰ ਤੇ ਉਸ ਦੇ ਪਰਿਵਾਰ ਨੇ ਪਹਿਲਾਂ ਆਪ ਕੁੱਟਿਆ ਤੇ ਫਿਰ ਕੋਤਵਾਲੀ ਪੁਲਸ ਨੂੰ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾI ਘਟਨਾ ਵਾਲੀ ਥਾਂ ਤੋਂ ਦੁਕਾਨਾਂ ਵਾਲੇ ਤੋਂ ਪਤਾ ਕਰਨ ਤੇ ਇਹ ਤੱਥ ਦੀ ਜਾਣਕਾਰੀ ਮਿਲੀ ਕਿ ਬੱਚੇ ਉੱਥੇ ਅਕਸਰ ਹੀ ਪਤੰਗ ਲੁੱਟਣ ਆਉਂਦੇ ਰਹਿੰਦੇ ਹਨI ਚੋਰੀ ਕਰਨ ਦੀ ਕੋਈ ਸੰਭਾਵਨਾ ਨਹੀਂ ਦਿਸਦੀI ਕੋਤਵਾਲੀ ਥਾਣੇ ਅੰਦਰ ਪੁਲਿਸ ਨੇ ਬੱਚੇ ਨੂੰ ਡੰਡਿਆਂ, ਲੋਹੇ ਦੀਆਂ ਰਾਡਾਂ, ਪੱਟਿਆ ਅਤੇ ਘਸੁੰਨ ਮੁੱਕੀਆਂ ਨਾਲ ਘੁੱਟਦਿਆਂ ਗ਼ੈਰ ਮਨੁੱਖੀ ਵਤੀਰਾ ਕੀਤਾ ਹੈ ਅਤੇ ਉਸ ਦੇ ਕੱਪੜੇ ਲੁਹਾ ਕੇ ਉਸ ਦੀਆਂ ਲੱਤਾਂ ਡੰਡੇ ਨਾਲ ਖਿੱਚ ਕੇ ਉਸ ਦੇ ਗੁਪਤ ਅੰਗਾਂ ਵਿੱਚ ਇੱਕ ਕੀਪ ਘਸੋੜ ਕੇ ਪੈਟਰੋਲ ਪਾਇਆ ਗਿਆI ਜਿਸ ਨਾਲ ਬੱਚੇ ਨੇ ਬਹੁਤ ਹਾਏ ਤੋਬਾ ਕੀਤੀI ਪੁਲਿਸ ਛੇ ਚੋਰੀਆਂ ਇਕਬਾਲ ਕਰਨ ਤੇ ਮਾਰਕੀਟ ਦੇ ਤਿੰਨ ਦੁਕਾਨਦਾਰਾਂ ਦਾ ਨਾ ਲੈਣ ਲਈ ਆਖਦੀ ਰਹੀI ਇੱਕ ਦੁਕਾਨਦਾਰ ਰਜਿੰਦਰ ਕੁਮਾਰ ਦੇ ਦੱਸਣ ਮੁਤਾਬਿਕ ਉਸ ਦੀ ਇੱਕ ਕਾਰ ਚੋਰੀ ਦੇ ਕੇਸ ਨਾਲ ਸਬੰਧਤ ਕੁਲਵਿੰਦਰ ਸਿੰਘ ਏਐੱਸ ਆਈ ਨਾਲ ਰੰਜਿਸ਼ ਚਲਦੀ ਹੈI ਜਿਸ ਇਸ ਕਰਕੇ ਏਐੱਸਆਈ ਕੁਲਵਿੰਦਰ ਸਿੰਘ ਚੋਰੀ ਦੇ ਕੇਸ ਵਿੱਚ ਬੱਚੇ ਤੋਂ ਰਜਿੰਦਰ ਕੁਮਾਰ ਦਾ ਨਾਂ ਚਾਹੁੰਦਾ ਸੀI ਇਸੇ ਵਜ੍ਹਾ ਕਰਕੇ ਬੱਚੇ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਗਿਆI ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਰਿਪੋਰਟ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ਕਿ ਪੁਲਿਸ ਨੇ ਸਮੇਂ ਸਿਰ ਯੋਗ ਕਾਰਵਾਈ ਕੀਤੀ ਹੀ ਨਹੀਂI ਜਿਸ ਦਾ ਤਫਸ਼ੀਸ਼ ਤੇ ਮਾੜਾ ਅਸਰ ਪੈਣਾ ਲਾਜ਼ਮੀ ਹੈI ਇਸ ਦਾ ਲਾਭ ਦੋਸ਼ੀਆਂ ਨੂੰ ਹੀ ਮਿਲੇਗਾI ਤਿੰਨ ਦਸੰਬਰ ਨੂੰ ਪੁਲਿਸ ਵੱਲੋਂ ਕੀਤੇ ਤਸ਼ੱਦਦ ਪਿੱਛੋਂ ਉਸ ਦੀ ਮਾਂ ਨੇ ਪੰਜ ਦਸੰਬਰ ਨੂੰ ਬੱਚੇ ਨੂੰ ਹਸਪਤਾਲ ਲਿਆਂਦਾ ਅਤੇ ਪੰਜ ਨੂੰ ਹੀ ਆਪਣਾ ਇੱਕ ਹਲਫੀਆ ਬਿਆਨ ਐੱਸਐੱਸਪੀ ਨੂੰ ਦਿੱਤਾI ਜਿਸ ਵਿੱਚ ਤਸ਼ੱਦਦ ਤੇ ਰਿਸ਼ਵਤ ਦੀ ਮੰਗ ਕਰਨ ਵਾਲੇ ਪੁਲਿਸ ਅਧਿਕਾਰੀਆਂ ਦਾ ਵਰਨਣ ਸੀI ਛੇ ਦਸੰਬਰ ਨੂੰ ਡਾਕਟਰੀ ਮੁਆਇਨੇ ਸਮੇਂ ਪੁਲਿਸ ਨੇ ਬੱਚੇ ਦਾ ਬਿਆਨ ਦਰਜ ਹੀ ਨਹੀਂ ਕੀਤਾI ਉਲਟਾ ਦਸ ਦਸੰਬਰ ਤੱਕ ਮੁਕੱਦਮਾ ਦਰਜ ਹੋਇਆ ਤੇ ਉਹ ਵੀ ਅਧੂਰਾI ਕਾਰਨ ਦੱਸਿਆ ਨਹੀਂ ਗਿਆ ਕਿ ਇਸ ਵਿੱਚ ਦੇਰੀ ਕਿਉਂ ਹੋਈI ਜਦਕਿ ਅੱਠ ਦਸੰਬਰ ਤੱਕ ਘਟਨਾ ਪੁਲਸ ਮੁਖੀ ਨੂੰ ਅਖਬਾਰਾਂ ਰਾਹੀਂ ਅਤੇ ਪੱਤਰਕਾਰਾਂ ਵੱਲੋਂ ਦੱਸੇ ਜਾਣ ਤੇ ਮਿਲ ਚੁੱਕੀ ਸੀI ਇੱਥੋਂ ਤੱਕ ਕਿ ਐੱਫਆਈਆਰ ਇੰਟਰਨੈੱਟ ਤੇ ਨਹੀਂ ਪਾਈI ਅਤੇ ਇਸ ਨੂੰ ਜਨਤਕ ਕਰਨ ਦੀ ਬਜਾਏ ਲੁਕੋ ਕੇ ਰੱਖਿਆ ਗਿਆI ਡਾਕਟਰੀ ਮੁਆਇਨੇ ਦੀ ਕਾਪੀ ਪੀੜਤ ਬੱਚੇ ਦੀ ਮਾਂ ਨੂੰ ਨਹੀਂ ਦਿੱਤੀ ਗਈI ਸੱਚ ਤਾਂ ਇਹ ਹੈ ਕਿ ਦਵਿੰਦਰ ਵਰਮਾ ਨੇ ਬੱਚੇ ਨੂੰ ਫੜ ਕੇ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ Iਥਾਣਾ ਕੋਤਵਾਲੀ ਦੀ ਪੁਲਸ ਨੇ ਬੱਚੇ ਨੂੰ ਚੌਵੀ ਘੰਟੇ ਪੁਲੀਸ ਹਿਰਾਸਤ ਵਿੱਚ ਰੱਖਿਆI ਪੁਲਸ ਨੇ ਨਾਬਾਲਗਾਂ ਬਾਰੇ ਬਣੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ ਨਾਬਾਲਗਾਂ ਬਾਰੇ ਕਾਨੂੰਨ 2000 ਦੀ ਧਾਰਾ 23 ਦੀ ਉਲੰਘਣਾ ਕੀਤੀ ਗਈ ਹੈI ਜੋ ਬੱਚਿਆਂ ਤੇ ਹਿੰਸਾ ਦੀ ਵਰਤੋਂ ਅਤੇ ਪੁਲਿਸ ਥਾਣੇ ਰੱਖਣ ਦੀ ਮਨਾਹੀ ਕਰਦਾ ਹੈI ਪੀੜਤ ਬੱਚੇ ਦੇ ਦੱਸਣ ਅਨੁਸਾਰ ਉਸ ਦੇ ਗੁਪਤ ਅੰਗਾਂ ਵਿੱਚ ਪਾਏ ਪੈਟਰੋਲ ਕਾਰਨ ਜਲਣ ਅਤੇ ਗੰਭੀਰ ਜ਼ਖ਼ਮੀ ਹੋਏ ਹਨI ਕਾਨੂੰਨ ਮੁਤਾਬਕ ਇਹ ਇੱਕ ਜਿਨਸੀ ਜੁਰਮ ਹੈI ਬੱਚਿਆਂ ਦੀ ਰਾਖੀ ਬਾਰੇ ਬਣੇ ਕਾਨੂੰਨ ਦੀ ਧਾਰਾ 3,5,6 ਅਨੁਸਾਰ ਇਸ ਦੀ ਸਜ਼ਾ ਘੱਟੋ ਘੱਟ ਦਸ ਸਾਲ ਅਤੇ ਵੱਧ ਕੇ ਉਮਰ ਕੈਦ ਤੱਕ ਹੋ ਸਕਦੀ ਹੈI ਪੁਲਿਸ ਨੇ ਐੱਫਆਈਆਰ ਚ ਇਹ ਜੁਰਮ ਸ਼ਾਮਲ ਨਾ ਕਰਕੇ ਦੋਸ਼ੀਆਂ ਨੂੰ ਬਚਾਉਣ ਲਈ ਇੱਕ ਗੰਭੀਰ ਕੁਤਾਹੀ ਕੀਤੀ ਹੈI ਜੋ ਕਾਬਲੇ ਮੁਆਫ਼ ਨਹੀਂ ਹੈ I ਸਭਾ ਇਹ ਵੀ ਸਮਝ ਦੀ ਹੈ ਕਿ ਡਾਕਟਰੀ ਮਾਇਨੇ ਦਾ ਖ਼ਰਚਾ ਸਿਹਤ ਦੇ ਅਧਿਕਾਰੀਆਂ ਵੱਲੋਂ ਪੀੜਤ ਤੋਂ ਵਸੂਲਣਾ ਗਲਤ ਹੈI ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਸੰਗੀਨ ਤੇ ਗੰਭੀਰ ਜੁਰਮ ਹੋਣ ਦੇ ਬਾਵਜੂਦ ਸਿਹਤ ਅਧਿਕਾਰੀਆਂ ਦਾ ਪੀੜਤ ਬੱਚੇ ਦਾ ਡਾਕਟਰੀ ਮੁਆਇਨਾ ਮੈਡੀਕਲ ਬੋਰਡ ਤੋਂ ਕਰਵਾਉਣਾ ਬਣਦਾ ਸੀ ਅਤੇ ਵੀਡੀਓਗ੍ਰਾਫੀ ਕਰਨੀ ਬਣਦੀ ਸੀI ਪੀੜਤ ਦੇ ਗੁਪਤ ਅੰਗ ਵਿੱਚ ਪੈਟਰੋਲ ਪਾਏ ਜਾਣ ਦਾ ਪਤਾ ਹੋਣ ਦੇ ਬਾਵਜੂਦ ਲੁੜੀਂਦੇ ਟੈਸਟ ਨਹੀਂ ਕਰਵਾਏ ਅਤੇ ਸੱਟਾਂ ਦੀ ਨੇਚਰ ਵੀ ਨਿਰਧਾਰਿਤ ਨਹੀਂ ਕੀਤੀ ਗਈI ਐੱਸਐੱਸਪੀ ਦੀ ਹਦਾਇਤ ਪਿੱਛੋਂ ਲਿਖੀ ਗਈ ਐਫਆਈਆਰ ਵਿੱਚ ਐਸਐਚਓ ਕੋਤਵਾਲੀ ਦਵਿੰਦਰ ਸਿੰਘ ਅਤੇ ਛੋਟੇ ਠਾਣੇਦਾਰ ਰਾਜਵੀਰ ਸਿੰਘ ਨੂੰ ਮੁਜ਼ਰਮ ਨਾ ਬਣਾ ਕੇ ਗੰਭੀਰ ਕੁਤਾਹੀ ਕੀਤੀ ਗਈ ਹੈI ਜਦੋਂ ਕਿ ਇਹ ਦੋਨੋਂ ਅਧਿਕਾਰੀ ਬੱਚੇ ਦੇ ਤਸ਼ੱਦਦ ਕਰਨ ਸਮੇਂ ਹਾਜ਼ਰ ਹੀ ਨਹੀਂ ਸਨ ਬਲਕਿ ਤਸ਼ੱਦਦ ਕਰਨ ਵਿੱਚ ਸ਼ਾਮਲ ਸਨI ਹੁਣ ਤੱਕ ਦੀ ਸਮੁੱਚੀ ਕਾਰਵਾਈ ਪੁਲੀਸ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਅਤੇ ਸਰਸਰੀ ਅੱਖਾਂ ਪੂੰਝਣ ਲਈ ਕੀਤੀ ਗਈ ਲੱਗਦੀ ਹੈI ਸਭਾ ਨੇ ਮੰਗ ਕੀਤੀ ਹੈ ਕਿ ਐਸਐਚਓ ਦਵਿੰਦਰ ਸਿੰਘ ਅਤੇ ਛੋਟੇ ਠਾਣੇਦਾਰ ਰਾਜਵੀਰ ਸਿੰਘ ਨੂੰ ਦੋਸ਼ੀਆਂ ਵਜੋਂ ਐਫ ਆਈ ਆਰ ਵਿੱਚ ਨਾਮਜ਼ਦ ਕੀਤਾ ਜਾਵੇI ਐਫਆਈਆਰ ਵਿੱਚ ਨਾਬਾਲਗ ਨਾਲ ਇਨਸਾਫ਼ ਸਬੰਧੀ ਕਾਨੂੰਨ 2000 ਦੀ ਧਾਰਾ 23 ਅਤੇ ਬੱਚਿਆਂ ਨੂੰ ਜਿਣਸੀ ਜੁਰਮਾਂ ਤੋਂ ਬਚਾਉਣ ਵਾਲੇ ਕਾਨੂੰਨ 2012 ਦੀ ਧਾਰਾ 3,5,6 ਤਹਿਤ ਜੁਰਮ ਵਿੱਚ ਵਾਧਾ ਕੀਤਾ ਜਾਵੇI ਪੀੜਤ ਬੱਚਾ ਕਿਉਂਕਿ ਦਲਿਤ ਪਰਿਵਾਰ ਨਾਲ ਸਬੰਧਿਤ ਹੈ ਇਸ ਲਈ ਦੋਸ਼ੀ ਪੁਲਸ ਅਧਿਕਾਰੀਆਂ ਵਿਰੁੱਧ ਇਸ ਸਬੰਧੀ ਵੀ ਕਾਰਵਾਈ ਹੋਣੀ ਚਾਹੀਦੀ ਹੈI ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਬੱਚੇ ਤੇ ਹੋਏ ਤਸ਼ੱਦਦ ਸਬੰਧੀ ਕੋਈ ਨੋਟਿਸ ਅਜੇ ਤੱਕ ਨਹੀਂ ਲਿਆ ਇਸ ਸਬੰਧੀ ਵੀ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਬਣਦੀ ਹੈI