← ਪਿਛੇ ਪਰਤੋ
ਫ਼ਿਰੋਜ਼ਪੁਰ 13 ਦਸੰਬਰ (ਗੁਰਿੰਦਰ ਸਿੰਘ) ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਰਾਜ ਵਿੱਚ ਨਸ਼ਿਆਂ ਦੇ ਖਾਤਮੇ ਲਈ ਹਰ ਹੀਲਾ ਵਰਤ ਰਹੀ ਹੈ ਉੱਥੇ ਰਾਜ ਦੀ ਪੁਲਿਸ ਦੇ ਹੀ ਕੁਝ ਮੁਲਾਜ਼ਮ ਜਿਹਨਾਂ ਦੇ ਸਿਰ 'ਤੇ ਸਰਕਾਰ ਨਸ਼ੇ ਬੰਦ ਕਰਨ ਦੇ ਦਾਅਵੇ ਕਰ ਰਹੀ ਹੈ, ਸਰਕਾਰ ਦੇ ਮਨਸੂਬਿਆਂ ਨੂੰ ਤਾਰ ਤਾਰ ਕਰਨ ਲਗੇ ਹੋਏ ਹਨ। ਅਜਿਹਾ ਮਾਮਲਾ ਸਥਾਨਕ ਕੇਂਦਰੀ ਜੇਲ੍ਹ ਵਿੱਚ ਓਸ ਵੇਲੇ ਸਾਹਮਣੇ ਆਇਆ ਜਦੋਂ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਸਪਲਾਈ ਕਰਨ ਲਈ ਲਿਆਂਦੇ ਗਏ ਨਸ਼ਿਆਂ ਸਮੇਤ ਇੱਕ ਪੁਲਿਸ ਮੁਲਾਜ਼ਮ ਜੇਲ੍ਹ ਮੁਲਾਜ਼ਮਾਂ ਦੇ ਅੜਿਕੇ ਚੜ੍ਹ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਮੁਲਾਜ਼ਮਾਂ ਨੇ ਕੈਦੀਆਂ ਨੂੰ ਨਸ਼ੇ ਸਪਲਾੲਂੀ ਕਰਨ ਦੇ ਮਨਸੂਬੇ ਨਾਲ ਜੇਲ੍ਹ ਅੰਦਰ ਆਏ ਇੱਕ ਸਿਪਾਹੀ ਦੀ ਤਲਾਸ਼ੀ ਕਰਨ 'ਤੇ ਉਸ ਦੇ ਕਬਜ਼ੇ ਵਿੱਚੋਂ 4 ਬੰਡਲ ਬੀੜੀਆਂ, 5 ਭੰਗ ਦੀਆਂ ਬੱਤੀਆਂ ਅਤੇ 85 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਜੇਲ੍ਹ ਮੁਲਾਜ਼ਮਾਂ ਉਕਤ ਸਿਪਾਹੀ ਨੂੰ ਕਾਬੂ ਸਿਟੀ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਸਿਟੀ ਪੁਲਿਸ ਨੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸੁਪਰਡੈਂਟ ਦੀ ਸ਼ਿਕਾਇਤ 'ਤੇ ਸਿਪਾਹੀ ਪ੍ਰਦੀਪ ਕੁਮਾਰ ਨੰਬਰ 229/75 ਪੀ.ਏ.ਪੀ 75 ਬਟਾਲੀਅਨ ਖਿਲਾਫ ਧਾਰਾ 52 ਏ ਪਰੀਸਨਜ਼ ਐਕਟ 1894, 22/20/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 189