← ਪਿਛੇ ਪਰਤੋ
ਫਿਰੋਜ਼ਪੁਰ 13 ਦਸੰਬਰ (ਗੁਰਿੰਦਰ ਸਿੰਘ) : ਨਵੰਬਰ ਮਹੀਨੇ ਦੇ ਆਰੰਭ ਵਿੱਚ ਪਈਆਂ ਧੁੰਦਾਂ ਕਾਰਨ ਕਈ ਲੋਕਾਂ ਦੀਆਂ ਜਾਨਾਂ ਲੈਣ ਉਪਰੰਤ ਕੁਝ ਦਿਨ ਮੌਸਮ ਸਾਫ ਰਹਿਣ 'ਤੇ ਬਾਅਦ ਅੱਜ ਤੋਂ ਮੁੜ ਪੈਣੀ ਸ਼ੁਰੂ ਹੋਈ ਧੂੰਦ ਨੇ ਪਹਿਲੇ ਹੀ ਦਿਨ ਕਹਿਰ ਢਾਹੁੰਦਿਆਂ ਦੋ ਸਕੇ ਭਰਾਵਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਅੱਜ ਸਵੇਰੇ ਕਰੀਬ ਅੱਠ ਵਜੇ ਫਿਰੋਜ਼ਪੁਰ-ਮੱਲਾਂਵਾਲਾ ਰੋਡ ਤੇ ਮੋਟਰਸਾਈਕਲ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਸੁਧਾਰਾ ਦੇ ਰਹਿਣ ਵਾਲੇ ਸਨੀ ਸਿੰਘ (24) ਅਤੇ ਜਸਵਿੰਦਰ ਸਿੰਘ (22) ਪੁੱਤਰ ਜਗਤਾਰ ਸਿੰਘ ਕਿਸੇ ਕੰਮ ਲਈ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਜਾ ਰਹੇ ਸੀ ਕਿ ਜਦੋਂ ਸਨੀ ਅਤੇ ਜਸਵਿੰਦਰ ਪਿੰਡ ਕਾਲੂ ਵਾਲਾ ਦੇ ਬੱਸ ਅੱਡੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਅਣਪਛਾਤੇ ਟਰਾਲੇ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਉਕਤ ਦੋਵੇਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਘਟਨਾ ਦੀ ਸੂਚਨਾ ਮਿਲਦਿਆ ਹੀ ਸਬੰਧਤ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜਿਨ੍ਹਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ । ਦੂਜੇ ਪਾਸੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਸਨੀ ਦਾ ਇਕ ਬੱਚਾ ਹੈ, ਜਦੋਂਕਿ ਉਸ ਦੇ ਛੋਟੇ ਭਰਾ ਜਸਵਿੰਦਰ ਸਿੰਘ ਦੀ ਕੁਝ ਦਿਨ ਪਹਿਲੋਂ ਹੀ ਮੰਗਣੀ ਹੋਈ ਸੀ। ਭਿਆਨਕ ਸੜਕ ਹਾਦਸੇ ਵਿਚ ਦੋਵੇਂ ਭਰਾਵਾਂ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Total Responses : 189