ਪੰਜਾਬ ਭਾਜਪਾ ਦੇ ਪ੍ਰਧਾਨ ਪ੍ਰਭਾਤ ਝਾਅ ਤੇ ਰਾਜਿੰਦਰ ਭੰਡਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਪਟਿਆਲਾ, 13 ਦਸੰਬਰ, 2017 :
ਪੰਜਾਬ ਵਿਚ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਵੱਲੋਂ ਲਾਗੂ ਕੀਤੀ ਐਮਰਜੰਸੀ ਵਰਗੇ ਹਾਲਾਤ ਬਣਾ ਦਿੱਤੇ ਹਨ ਤੇ ਲੋਕਤੰਤਰ ਦਾ ਚਿੱਟੇ ਦਿਨ ਕਤਲ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਇੰਚਾਰਜ ਸ੍ਰੀ ਪ੍ਰਭਾਤ ਝਾਅ ਨੇ ਕੀਤਾ ਹੈ।
ਅੱਜ ਇਥੇ ਰੱਖੜਾ ਟੈਕਨਾਲੋਜੀ ਵਿਖੇ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਸੀਨੀਅਰ ਆਗੂਆਂ ਨਾਲ ਰਣਨੀਤਕ ਵਿਚਾਰ ਚਰਚਾ ਕਰਨ ਪਹੁੰਚੇ ਸ੍ਰੀ ਪ੍ਰਭਾਤ ਝਾਅ ਤੇ ਸ੍ਰੀ ਰਾਜਿੰਦਰ ਭੰਡਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਅੱਜ ਪੁਲਿਸ ਤੰਤਰ ਤੇ ਅਫਸਰਸ਼ਾਹੀ ਦੇ ਬਲਬੂਤੇ 'ਤੇ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹੀ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਵਿਚ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਪਹਿਲਾਂ ਨਾਮਜ਼ਦਗੀ ਪੱਤਰ ਹੀ ਨਹੀਂ ਭਰਨ ਦਿੱਤੇ ਗਏ ਤੇ ਜਿਥੇ ਇਹਨਾਂ ਨੇ ਨਾਮਜ਼ਦਗੀ ਪੱਤਰ ਭਰ ਦਿੱਤੇ, ਉਥੇ ਇਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪੁਲਿਸ ਥਾਣਿਆਂ ਵਿਚ ਸੱਦ ਕੇ ਦਬਕੇ ਮਾਰੇ ਜਾ ਰਹੇ ਹਨ।
ਸ੍ਰੀ ਝਾਅ ਤੇ ਸ੍ਰੀ ਭੰਡਾਰੀ, ਜਿਹਨਾਂ ਦੇ ਨਾਲ ਪਟਿਆਲਾ ਦੇ ਅਕਾਲੀ ਦਿਹਾਤੀ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ, ਭਾਜਪਾ ਦੇ ਪ੍ਰਧਾਨ ਸ੍ਰੀ ਐਸ ਕੇ ਦੇਵ ਤੇ ਹੋਰ ਲੀਡਰਸ਼ਿਪ ਵੀ ਸੀ, ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਕਾਂਗਰਸ ਪਾਰਟੀ ਦੀਆਂ ਇਹਨਾਂ ਕੋਝੀਆਂ ਹਰਕਤਾਂ ਤੋਂ ਨਹੀਂ ਡਰਦਾ ਤੇ ਲੋਕਤੰਤਰ ਦੀ ਰਾਖੀ ਲਈ ਉਹ ਕਾਂਗਰਸ ਸਰਕਾਰ ਦੇ ਹਰ ਜਬਰ ਦਾ ਡੱਟ ਕੇ ਵਿਰੋਧ ਕਰੇਗਾ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ 'ਚ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਨ ਤੇ ਸਰਕਾਰ ਵਿਰੁੱਧ ਲਹਿਰ ਚਲ ਰਹੀ ਹੈ ਜਿਸ ਕਾਰਨ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੁਖਲਾਹਟ ਵਿਚ ਆ ਗਈ ਹੈ ਤੇ ਪੁਲਿਸ ਤੰਤਰ ਦੇ ਸਿਰ 'ਤੇ ਚੋਣਾਂ ਜਿੱਤਣੀ ਚਾਹੁੰਦੀ ਹੈ।
ਸ੍ਰੀ ਝਾਅ ਨੇ ਕਿਹਾ ਕਿ ਜਿਥੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਦੇ ਫੈਸਲੇ ਅਨੁਸਾਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ, ਉਥੇ ਹੀ ਅਸੀਂ ਮੀਡੀਆ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਜਬਰ ਦੇ ਵਿਰੁੱਧ ਲੋਕਤੰਤਰ ਦੇ ਚੌਥੇ ਥੰਮ ਨੂੰ ਡੱਟ ਕੇ ਆਵਾਜ਼ ਚੁੱਕਣੀ ਚਾਹੀਦੀ ਹੈ ਤੇ ਸਰਕਾਰ ਦੀ ਧੱਕੇਸ਼ਾਹੀ ਨੂੰ ਜਨਤਾ ਸਾਹਮਣੇ ਉਜਾਗਰ ਕਰਨਾ ਚਾਹੀਦਾ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਹੀਰਾ ਸਿੰਘ ਗਾਬੜੀਆ, ਚਰਨਜੀਤ ਸਿੰਘ ਰੱਖੜਾ, ਹਰਜੀਤ ਸਿੰਘ ਗਰੇਵਾਲ ਸੀਨੀਅਰ ਆਗੂ, ਕਬੀਰ ਦਾਸ ਨਾਭਾ, ਸਾਬਕਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਮੁੱਖ ਬੁਲਾਰੇ ਨਰਦੇਵ ਸਿੰਘ ਆਕੜੀ, ਸਾਬਕਾ ਚੇਅਰਮੈਨ ਜਸਪਾਲ ਕਲਿਆਣ, ਐਡਵੋਕੇਟ ਸਤਬੀਰ ਸਿੰਘ ਖੱਟੜਾ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਸੁਖਬੀਰ ਸਿੰਘ ਸਨੌਰ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਗੁਰਤੇਜ ਸਿੰਘ ਢਿੱਲੋਂ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਇੰਦਰਜੀਤ ਸਿੰਘ ਰੱਖੜਾ, ਬਲਵਿੰਦਰ ਸਿੰਘ ਬਰਸਟ, ਗੁਰਮੀਤ ਗੁਰਾਇਆ, ਅਨਿਲ ਸਰੀਨ ਤੇ ਹੋਰ ਪਤਵੰਤੇ ਹਾਜ਼ਰ ਸਨ।