← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 8 ਦਸੰਬਰ 2017 : ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਕਣਕ-ਝੋਨੇ ਦੀਆਂ ਰਿਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਨਿਕਲ ਕੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਡੇਅਰੀ ਤੇ ਮੱਛੀ ਪਾਲਣ ਦੇ ਨਾਲ-ਨਾਲ ਝੋਨੇ ਦੀ ਰਹਿੰਦ-ਖੂੰਹਦ ਅਤੇ ਪਰਾਲੀ ਨੂੰ ਵਰਤੋਂ ਵਿਚ ਲਿਆ ਕੇ ਜਿੱਥੇ ਆਪਣੀ ਆਮਦਨ 'ਚ ਵਾਧਾ ਕਰ ਸਕਦੇ ਹਨ ਉਥੇ ਵਾਤਾਵਰਣ ਦੀ ਸੁੱਧਤਾ ਲਈ ਵੀ ਅਹਿਮ ਰੋਲ ਅਦਾ ਕਰ ਸਕਦੇ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦੇ ਸਰਹੱਦੀ ਪਿੰਡ ਆਵਾ ਦਾ ਅਗਾਂਹ ਵਧੂ ਕਿਸਾਨ ਹਰਮੀਤ ਸਿੰਘ ਸਹਾਇਕ ਧੰਦਿਆਂ ਦੇ ਨਾਲ-ਨਾਲ ਰਹਿੰਦ-ਖੂਹੰਦ ਤੇ ਪਰਾਲੀ ਨੂੰ ਵਰਤੋਂ ਵਿਚ ਲਿਆ ਕੇ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਪੈਦਾ ਕਰ ਰਿਹਾ ਹੈ। ਪਿੰਡ ਆਵਾ ਦੇ ਬਹੁਤ ਹੀ ਮਿਹਨਤੀ ਤੇ ਅਗਾਂਹਵਧੂ ਇਸ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਤੋਂ ਖਾਦ ਅਤੇ ਪਸ਼ੂਆਂ ਲਈ ਸੁੱਕਾ ਚਾਰਾ ਬਣਾ ਕੇ ਆਪਣੀ ਆਮਦਨ 'ਚ ਵਾਧਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਆਪਣੇ ਪਿੰਡ ਆਵਾ ਵਿੱਚ ਸਾਲ 2011 ਵਿੱਚ ਸਹਾਇਕ ਧੰਦੇ ਵੱਜੋਂ ਡੇਅਰੀ ਵਿਭਾਗ ਤੋਂ 20 ਲੱਖ ਰੁਪਏ ਦਾ ਕਰਜ਼ਾ ਲੈ ਕੇ 20 ਪਸ਼ੂਆਂ ਦੀ ਸੁਖਮਨੀ ਨਾਮੀ ਡੇਅਰੀ ਸਥਾਪਿਤ ਕੀਤੀ ਸੀ। ਹੁਣ ਇਸ ਡੇਅਰੀ ਵਿੱਚ ਉਸ ਕੋਲ ਲਗਪਗ 100 ਪਸ਼ੂ ਹਨ ਜਿਸ ਵਿੱਚ 80 ਵਲਾਇਤੀ ਗਾਵਾਂ, 10 -10 ਸਾਹੀਵਾਲ ਗਾਵਾਂ ਅਤੇ ਮੱਝਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅੰਗਦ ਦੇਵ ਐਨੀਮਲ ਯੂਨੀਵਰਸਿਟੀ(ਗੁੜਵਾਸੂ) ਲੁਧਿਆਣਾ ਦੇ ਮਾਹਿਰ ਡਾਕਟਰਾਂ ਵੱਲੋਂ ਸਮੇਂ-ਸਮੇਂ ਸਿਰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਜਿਥੇ ਉਹ ਪਹਿਲਾਂ ਖੁਦ ਬੇਰੋਜ਼ਗਾਰ ਸੀ ਉਥੇ ਹੁਣ ਡੇਅਰੀ ਫਾਰਮ ਵਿਖੇ ਹੋਰ 6 ਵਿਅਕਤੀਆਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮ ਲਈ ਉਸ ਵੱਲੋਂ ਦੁੱਧ ਚੁਆਈ ਲਈ ਮਸ਼ੀਨਾਂ ਅਤੇ ਆਟੋਮੈਟਿਕ ਲਾਕ ਸਿਸਟਮ ਰਾਹੀਂ ਪਸ਼ੂਆਂ ਨੂੰ ਖੁਰਾਕ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਸ ਵੱਲੋਂ ਇਕ ਗੋਬਰ ਗੈਸ ਪਲਾਂਟ ਵੀ ਲਗਾਇਆ ਗਿਆ ਹੈ। ਜਿਸ ਵਿੱਚ ਪਸ਼ੂਆਂ ਦੇ ਗੋਬਰ ਨੂੰ ਬਾਇਓ ਗੈਸ ਦੇ ਰੂਪ ਵਿੱਚ ਵਰਤੋਂ 'ਚ ਲਿਆ ਕੇ ਆਪਣੇ ਘਰ ਅਤੇ ਲੇਬਰ ਲਈ ਖਾਣਾ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। > > ਅਗਾਂਹਵਧੂ ਕਿਸਾਨ ਹਰਮੀਤ ਸਿੰਘਨੇ ਆਪਣੇ ਹੋਰ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਸ ਵੱਲੋਂ ਕਣਕ ਤੇ ਝੋਨੇ ਦੀ ਬਿਜਾਈ ਦੇ ਵਿਚਕਾਰਲੇ ਸਮੇਂ ਦੌਰਾਨ ਖਾਲੀ ਪਈ ਜ਼ਮੀਨ ਵਿੱਚ ਜਵਾਰ ਬੀਜ ਕੇ ਉਸ ਨੂੰ ਬਾਅਦ ਵਿੱਚ ਪਸ਼ੂਆਂ ਲਈ ਸੁੱਕੇ ਚਾਰੇ ਦੇ ਰੂਪ ਵਿੱਚ ਖੁਰਾਕ ਪੈਦਾ ਕੀਤੀ ਜਾ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਉਸ ਵੱਲੋਂ ਬਾਸਮਤੀ ਦੀ ਪਰਾਲੀ ਨੂੰ ਕੁਤਰ ਕੇ ਪਸ਼ੂਆਂ ਲਈ ਆਚਾਰ ਦੇ ਰੂਪ 'ਚ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਵੀ ਇਕੱਤਰ ਕਰਕੇ ਸਰਦੀਆਂ ਵਿੱਚ ਪਸ਼ੂਆਂ ਦੇ ਹੇਠਾਂ ਵਿਛਾ ਕੇ ਉਸ ਤੋਂ ਬਾਅਦ ਉਸ ਨੂੰ ਜ਼ਮੀਨ ਵਿੱਚ ਦੱਬ ਕੇ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਤਿਆਰ ਕੀਤੀ ਖਾਦ ਨੂੰ ਅੱਗੇ ਕਿਸਾਨਾਂ ਨੂੰ ਵੇਚ ਕੇ ਆਪਣੀ ਆਮਦਨ ਦਾ ਸਾਧਨ ਬਣਾਇਆ ਹੋਇਆ ਹੈ। ਉਸ ਨੇ ਹੋਰ ਦੱਸਿਆ ਕਿ ਪਰਾਲੀ ਅਤੇ ਜਵਾਰ ਤੋਂ ਪੈਦਾ ਕੀਤੀ ਗਈ ਖੁਰਾਕ ਜਿੱਥੇ ਤੂੜੀ ਤੋਂ ਸਸਤੀ ਪੈਂਦੀ ਹੈ ਉਥੇ ਉਸ ਨੂੰ ਪਸ਼ੂ ਪੂਰੀ ਚਾਹਤ ਨਾਲ ਖਾਂਦੇ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਅਗਾਂਹ ਵਧੂ ਕਿਸਾਨਾਂ ਵਾਂਗ ਸਕਾਰਾਤਮਿਕ ਸੋਚ ਅਪਣਾਉਂਦਿਆਂ ਹੋਇਆਂ ਸਹਾਇਕ ਧੰਦਿਆਂ ਦੇ ਨਾਲ-ਨਾਲ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਇਸ ਨਾਲ ਉਹ ਆਪਣੀ ਆਮਦਨ 'ਚ ਵਾਧਾ ਕਰਨ ਅਤੇ ਵਾਤਾਵਰਣ ਦੀ ਸੁੱਧਤਾ ਨੂੰ ਬਰਕਰਾਰ ਰੱਖਣ 'ਚ ਸਹਾਈ ਸਿੱਧ ਹੋ ਸਕਦੇ ਹਨ।
Total Responses : 265