ਸ੍ਰੀਮਤੀ ਪਰਨੀਤ ਕੌਰ ਵਾਰਡ ਨੰਬਰ 30, 31 ਅਤੇ 32 ਦੇ ਕਾਂਗਰਸੀ ਉਮੀਦਵਾਰਾਂ ਸ੍ਰੀ ਹਰੀਸ਼ ਅਗਰਵਾਲ, ਸ੍ਰੀਮਤੀ ਜਸਪਾਲ ਕੌਰ ਸਹਿਗਲ ਅਤੇ ਸ੍ਰੀ ਹਰੀਸ਼ ਨਾਗਪਾਲ ਗਿੰਨੀ ਦੇ ਹੱਕ 'ਚ ਜਗਦੀਸ਼ ਕਲੋਨੀ ਵਿਖੇ ਸਾਂਝੇ ਇਕੱਠ ਨੂੰ ਸੰਬੋਧਨ ਕਰਨ ਸਮੇ।
ਆਜ਼ਾਦ ਉਮੀਦਵਾਰ ਰਣਵੀਰ ਸਿੰਘ ਕਾਟੀ ਵਲੋਂ ਹਰੀਸ਼ ਅਗਰਵਾਲ ਨੂੰ ਸਮਰਥਨ ਦੇਣ ਦਾ ਐਲਾਨ
ਜੀ ਐਸ ਪੰਨੂ
ਪਟਿਆਲਾ, 10 ਦਸੰਬਰ 2017: ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਇਥੇ ਜਗਦੀਸ਼ ਕਲੋਨੀ ਵਿਖੇ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 30, 31 ਅਤੇ 32 ਦੇ ਕਾਂਗਰਸੀ ਉਮੀਦਵਾਰਾਂ ਸ੍ਰੀ ਹਰੀਸ਼ ਅਗਰਵਾਲ, ਜਸਪਾਲ ਕੌਰ ਸਹਿਗਲ ਅਤੇ ਸ੍ਰੀ ਹਰੀਸ਼ ਨਾਗਪਾਲ ਗਿੰਨੀ ਦੇ ਹੱਕ 'ਚ ਸਾਂਝੀ ਭਰਵੀ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪਟਿਆਲਾ ਨੂੰ ਲੰਘੇ 10 ਵਰ੍ਹੇ ਰਾਜਸੀ ਵਿਤਕਰੇ ਦਾ ਸ਼ਿਕਾਰ ਬਣਾਇਆ ਪਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਉਹ ਪਟਿਆਲਾ ਦੇ ਸਰਬਪੱਖੀ ਵਿਕਾਸ ਲਈ ਕਾਂਗਰਸੀ ਉਮੀਦਵਾਰਾਂ ਨੂੰ ਪੂਰਨ ਬਹੁਮਤ ਨਾਲ ਜਿਤਾਉਣ।
ਇਸ ਦੌਰਾਨ ਆਜ਼ਾਦ ਉਮੀਦਵਾਰ ਸ੍ਰੀ ਰਣਵੀਰ ਸਿੰਘ ਕਾਟੀ ਨੇ ਵਾਰਡ ਨੰਬਰ 30 ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਹਰੀਸ਼ ਨਾਗਪਾਲ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪਟਿਆਲਾ ਦੇ ਪੂਰਨ ਵਿਕਾਸ ਲਈ ਕਾਂਗਰਸ ਪਾਰਟੀ ਨੂੰ ਸਮਰਥਨ ਦੇ ਰਹੇ ਹਨ। ਇਸ ਸਮਾਗਮ 'ਚ ਸ੍ਰੀਮਤੀ ਪਰਨੀਤ ਕੌਰ ਦੇ ਨਾਲ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ੍ਰੀ ਨਰਿੰਦਰਪਾਲ ਲਾਲੀ, ਸ੍ਰੀ ਵਿਪਨ ਸ਼ਰਮਾ, ਸ੍ਰੀ ਵਿਨੋਦ ਅਰੋੜਾ ਕਾਲੂ, ਸ੍ਰੀ ਵਿਸ਼ਵਾਸ਼ ਸੈਣੀ ਕਾਲੂ, ਸ੍ਰੀ ਕਰਨ ਗੌੜ, ਸ੍ਰੀ ਕੇ.ਕੇ. ਸਹਿਗਲ ਅਤੇ ਸ੍ਰੀ ਜਸਵਿੰਦਰ ਜੁਲਕਾ ਆਦਿ ਸੀਨੀਅਰ ਕਾਂਗਰਸੀ ਮੌਜੂਦ ਸਨ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਬਿਨਾਂ ਕਿਸੇ ਗੁੰਡਾਗਰਦੀ ਅਤੇ ਪੂਰਨ ਲੋਕਤੰਤਰੀ ਢੰਗ ਨਾਲ ਲੜੇਗੀ ਜਿਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਚੋਣਾਂ ਵਾਲੇ ਕਸਬਿਆਂ ਅਤੇ ਸ਼ਹਿਰਾਂ ਦੇ ਪੂਰਨ ਵਿਕਾਸ ਲਈ ਲੋਕ ਇਨ੍ਹਾਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਹੱਕ 'ਚ ਫੱਤਵਾ ਦੇਣਗੇ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ 'ਚ ਪੀਣ ਵਾਲੇ ਸਾਫ਼ ਪਾਣੀ ਦੀ ਕਿਲਤ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵਿਸ਼ੇਸ਼ ਉਪਰਾਲੇ ਕੀਤੇ ਹਨ ਤੇ ਨਵੇਂ ਟਿਊਬਵੈਲ ਲਾਏ ਜਾ ਰਹੇ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਿਥੇ ਪਿਛਲੇ 10 ਸਾਲਾਂ 'ਚ ਅਕਾਲੀ-ਭਾਜਪਾ ਸਰਕਾਰ ਨੇ ਇਸ ਸ਼ਾਹੀ ਸ਼ਹਿਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਇਸ ਨੂੰ ਅੱਖੋਂ ਪਰੋਖੇ ਕੀਤਾ, ਉਥੇ ਹੁਣ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦਸਿਆ ਕਿ ਸ਼ਹਿਰ 'ਚ ਪੁਰਾਣੀਆਂ ਸਟਰੀਟ ਲਾਇਟਾਂ ਦੀ ਥਾਂ ਐਲ.ਈ.ਡੀ. ਲਾਇਟਾਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੈਦਲ ਚੱਲਣ ਵਾਲੇ ਰਾਹਗੀਰ ਲਈ ਵੀ ਨਰਕ ਬਣ ਚੁੱਕੇ ਪਟਿਆਲਾ ਦੇ ਸਰਹਿੰਦ ਰੋਡ ਨੂੰ ਰਾਜਪੁਰਾ ਸੜਕ ਨਾਲ ਜੋੜਨ ਵਾਲੇ ਉਤਰੀ ਬਾਈਪਾਸ ਸੜਕ ਬਣਾਉਣ ਦੇ ਨਾਲ-ਨਾਲ ਸਨੌਰ ਸੜਕ ਦਾ ਵੀ ਕੰਮ ਸ਼ੁਰੂ ਹੋ ਗਿਆ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਸਥਾਨਕ ਵਾਰਡ ਨਿਵਾਸੀਆਂ ਨੂੰ ਭਰੋਸਾ ਦਿਤਾ ਕਿ ਇਨ੍ਹਾਂ ਵਾਰਡਾਂ 30, 31 ਅਤੇ 32 ਵਿਚ ਲੋੜੀਂਦੇ ਕੰਮਾਂ ਅਤੇ ਪੂਰਨ ਵਿਕਾਸ ਲਈ ਉਹ ਖ਼ੁਦ ਦਿਲਚਪਸੀ ਲੈਣਗੇ। ਇਸ ਵੇਲੇ ਰੇਖਾ ਅਗਰਵਾਲ, ਪਵਨ ਜਿੰਦਲ, ਕੰਵਲਜੀਤ ਕਾਲੜਾ, ਰਮਨ ਚੌਹਾਨ, ਦੀਪਕ ਕੁਮਾਰ, ਮਨਜੀਤ ਸਿੰਘ, ਪਰਵੀਨ ਸੋਖਲ, ਸਚਿਨ ਢੰਗ, ਰੋਹਿਤ ਗੁਪਤਾ, ਘਨਈਆ ਲਾਲ ਮੁਲਤਾਨੀ, ਮੀਨੂ ਅਰੋੜਾ, ਰੇਨੂ ਨਾਗਪਾਲ, ਡਿੰਪਲ ਗੁਪਤਾ ਆਦਿ ਸਮੇਤ ਵੱਡੀ ਗਿਣਤੀ 'ਚ ਸਥਾਨਕ ਵਾਰਡਾਂ ਦੇ ਵਸਨੀਕ ਮੌਜੂਦ ਸਨ।