ਜਲੰਧਰ 10 ਦਸੰਬਰ 2017: ਸਥਾਨਕ ਸਰਕਾਰਾ ਚੋਣਾਂ ਵਿਚ ਪਹਿਲੀ ਵਾਰ ਈ.ਵੀ.ਐਮ ਤੇ ਲਗਾਏ ਜਾਂਦੇ ਬੈਲੇਟ ਪੇਪਰਾਂ ਉੱਤੇ ਸਬੰਧਤ ਉਮੀਦਵਾਰਾਂ ਦੀ ਫੋਟੋ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਨਾਲ ਇਹ ਸੁਨਿਸ਼ਚਿਤ ਕੀਤਾ ਜਾ ਸਕੇਗਾ ਕਿ ਕੋਈ ਵੀ ਵੋਟਰ ਆਪਣੇ ਮੰਨਭਾਉਂਦੇ ਉਮੀਦਵਾਰ ਨੂੰ ਵੋਟ ਪਾ ਸਕੇ।
ਉਨ੍ਹਾਂ ਕਿਹਾ ਕਿ ਇਸ ਕਦਮ ਦੇ ਨਾਲ ਆਉਣ ਵਾਲੀ 17 ਦਸਬੰਰ ਨੂੰ ਜਲੰਧਰ ਨਗਰ ਨਿਗਮ ਦੇ ਸਾਰੇ 80 ਵਾਰਡਾ ਅਤੇ ਭੋਗਪੁਰ ਤੇ ਗੁਰਾਇਆ ਮਿਊਂਸਿਪਲ ਕਮੇਟੀਆਂ ਅਤੇ ਬਿਲਗਾ ਤੇ ਸ਼ਾਹਕੋਟ ਦੀਆਂ ਨਗਰ ਪੰਚਾਇਤਾਂ ਦੀਆ ਚੋਣਾਂ ਦੌਰਾਨ ਇਸ ਬੈਲੇਟ ਪੇਪਰ ਵਰਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 900 ਦੇ ਕਰੀਬ ਈ.ਵੀ.ਐੱਮ ਵਰਤੀਆ ਜਾਣਗੀਆ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਨਾਲ ਵੋਟਰ ਆਪਣੇ ਮੰਨਭਾਉਂਦੇ ਉਮੀਦਵਾਰ ਨੂੰ ਬਿਨ੍ਹਾਂ ਦੁਚਿੱਤੀ ਦੇ ਵੋਟ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਇਹ ਮਹਿਸੂਸ ਕੀਤਾ ਹੈ ਕਿ ਕਈ ਵਾਰ ਇਕੋਂ ਜਿਹੇ ਨਾਮ ਵਾਲੇ ਉਮੀਦਵਾਰਾਂ ਨੂੰ ਵੋਟ ਕਰਨ ਲਈ ਵੋਟਰ ਨੂੰ ਸਮੱਸਿਆ ਆਉਦੀ ਸੀ ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਲੋਕਾਂ ਨੂੰ ਵੋਟ ਪਾਉਣ ਵਿਚ ਸਹੂਲਤ ਮਿਲੇਗੀ ਅਤੇ ਲੋਕਤੰਤਰ ਹੋਰ ਵੀ ਮਜ਼ਬੂਤ ਹੋਵੇਗਾ।