ਫ਼ਤਹਿਗੜ੍ਹ ਸਾਹਿਬ, 07 ਦਸੰਬਰ 2017: ਮਾਤਾ ਗੁਜਰੀ ਕਾਲਜ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਲਈ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਪ੍ਰਧਾਨ ਜੀ ਦਾ ਸਵਾਗਤ ਕੀਤਾ ਤੇ ਮੁਬਾਰਕਬਤਾਦ ਦਿੰਦੇ ਹੋਏ ਉਮੀਦ ਜਾਹਰ ਕੀਤੀ ਕਿ ਉਹ ਵਿਦਿਅਕ ਸੰਸਥਾਵਾਂ ਨੂੰ ਹੋਰ ਵੀ ਤਰੱਕੀਆਂ ਦੇ ਰਾਹ 'ਤੇ ਲਿਜਾਉਣਗੇ। ਇਸਦੇ ਨਾਲ ਹੀ ਉਹਨਾਂ ਪੂਰੇ ਸਟਾਫ ਵਲੋਂ ਪ੍ਰਧਾਨ ਸਾਹਿਬ ਨੂੰ ਇਹ ਵੀ ਵਿਸ਼ਵਾਸ ਦੁਆਇਆ ਕਿ ਉਹ ਇਸ ਮਾਣਮੱਤੀ ਵਿਦਿਅਕ ਸੰਸਥਾ ਦਾ ਮਿਆਰ ਹੋਰ ਵੀ ਉੱਚਾ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣਗੇ। ਉਹਨਾਂ ਪ੍ਰਧਾਨ ਸਾਹਿਬ ਨੂੰ ਆਪਣੀਆਂ ਸ਼ੁਭਇਛਾਵਾਂ ਵੀ ਭੇਂਟ ਕੀਤੀਆਂ।
ਆਪਣੇ ਵਿਚਾਰਾਂ ਨੂੰ ਸਮੂਹ ਸਟਾਫ ਅਤੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹਨਾਂ ਨੂੰ ਮਾਤਾ ਗੁਜਰੀ ਜੀ ਦੇ ਨਾਂ 'ਤੇ ਬਣੇ ਇਸ ਕਾਲਜ ਵਿਚ ਆ ਕੇ ਬਹੁਤ ਖੁਸ਼ੀ ਅਤੇ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ ਤੇ ਉਹ ਇਸ ਮਿਆਰੀ ਸੰਸਥਾਂ ਨੂੰ ਆਉਣ ਵਾਲੇ ਸਮੇਂ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਤਾਂ ਜੋ ਇਹ ਬਾਕੀ ਸੰਸਥਾਵਾਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਸਕੇ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਨੈਤਿਕ ਕਦਰਾਂ-ਕੀਮਤਾਂ ਅਪਨਾਉਣ ਅਤੇ ਗੁਰਮਤਿ ਨਾਲ ਜੁੜਣ ਲਈ ਵੀ ਪ੍ਰੇਰਿਆ।
ਡੀਨ ਅਕਾਦਮਿਕ ਪ੍ਰੋ. ਬਿਕਰਮਜੀਤ ਸਿੰਘ ਸੰਧੂ ਨੇ ਬਾਕਮਾਲ ਤਰੀਕੇ ਨਾਲ ਮੰਚ ਸੰਚਾਲਨ ਕਰਦਿਆਂ ਕਾਲਜ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਨੂੰ ਉਭਾਰਿਆ।
ਸ. ਰਣਜੀਤ ਸਿੰਘ ਲਿਬੜਾ, ਐਡੀਸ਼ਨਲ ਸਕੱਤਰ, ਕਾਲਜ ਮੈਨੇਜਮੈਂਟ ਕਮੇਟੀ ਨੇ ਧੰਨਵਾਦ ਮੱਤਾ ਪੇਸ਼ ਕੀਤਾ। ਇਸ ਮੌਕੇ ਸ. ਅਵਤਾਰ ਸਿੰਘ, ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਸਤਵਿੰਦਰ ਸਿੰਘ ਟੋਹੜਾ, ਡਾ. ਰਜਿੰਦਰ ਕੌਰ, ਉਪ ਪਿੰ੍ਰਸੀਪਲ ਅਕਾਦਮਿਕ, ਪ੍ਰੋ. ਹਰਵੀਨ ਕੌਰ, ਉਪ ਪਿੰ੍ਰਸੀਪਲ, ਐਡਮੀਨਿਸਟਰੇਸ਼ਨ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।