ਪਟਿਆਲਾ, 07 ਦਸੰਬਰ 2017: ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਸ਼੍ਰੀ ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ 14 ਦਸੰਬਰ 2017 ਤੋਂ 15 ਦਸੰਬਰ 2017 ਤੱਕ ਪੋਲੋ ਗਰਾਊਂਡ, ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੰਡਰ-25 (ਮੈਨ-ਵੂਮੈਨ) ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਜਿਮਨਾਸਟਿਕ, ਟੇਬਲ ਟੈਨਿਸ, ਖੋ-ਖੋ, ਹਾਕੀ, ਬਾਕਸਿੰਗ, ਫੁੱਟਬਾਲ ਅਤੇ ਲਾਅਨ ਟੈਨਿਸ ਦੇ ਲਗਭੱਗ 1700 ਖਿਡਾਰੀ ਹਿੱਸਾ ਲੈ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਖਿਡਾਰੀ ਦਾ ਜਨਮ 1 ਜਨਵਰੀ 1993 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਜਿਹੜੇ ਖਿਡਾਰੀ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਹਨ, ਉਹ ਆਪਣੇ ਜਨਮ ਵਾਲੇ ਜ਼ਿਲ੍ਹੇ ਵੱਲੋਂ ਖੇਡ ਸਕਦੇ ਹਨ ਜਾਂ ਫਿਰ ਜਿਸ ਜ਼ਿਲ੍ਹੇ ਵਿੱਚ ਪੜ੍ਹਦੇ ਹਨ, ਉਸ ਜ਼ਿਲ੍ਹੇ ਵੱਲੋਂ ਭਾਗ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਜੋ ਖਿਡਾਰੀ ਵੱਖ-ਵੱਖ ਵਿਭਾਗਾਂ ਵਿੱਚ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਹਨ, ਉਹ ਆਪਣੇ ਜਨਮ ਵਾਲੇ ਜ਼ਿਲ੍ਹੇ ਵੱਲੋਂ ਭਾਗ ਲੈ ਸਕਦੇ ਹਨ ਅਤੇ ਜੋ ਖਿਡਾਰੀ ਦੂਸਰੇ ਰਾਜਾਂ ਨਾਲ ਸਬੰਧ ਰੱਖਦੇ ਹਨ, ਪਰੰਤੂ ਪੰਜਾਬ ਰਾਜ ਵਿੱਚ ਵੱਖ-ਵੱਖ ਮਹਿਕਮਿਆਂ ਵਿੱਚ ਨੌਕਰੀ ਕਰਦੇ ਹਨ ਅਤੇ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕੀਤੀ ਹੈ, ਵੀ ਆਪਣੇ ਤੈਨਾਤੀ ਵਾਲੇ ਜ਼ਿਲ੍ਹੇ ਵੱਲੋਂ ਭਾਗ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਸਬੰਧਤ ਖੇਡ ਦੇ ਨੈਸ਼ਨਲ ਚੈਂਪੀਅਨਸ਼ਿਪ ਤੇ ਲਾਗੂ ਹੋਣ ਵਾਲੇ ਰਾਸ਼ਟਰੀ ਖੇਡ ਫੈਡਰੇਸ਼ਨ ਦੇ ਨਿਯਮ ਇਸ ਟੂਰਨਾਮੈਂਟ ਵਿੱਚ ਲਾਗੂ ਹੋਣਗੇ। ਉਹਨਾਂ ਇਹ ਵੀ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੁਰਾਕ, ਰਿਫਰੈਸ਼ਮੈਟ ਮੁਹੱਈਆ ਕਰਵਾਈ ਜਾਵੇਗੀ।