ਪਟਿਆਲਾ, 06 ਦਸੰਬਰ 2017 : ਨਗਰ ਨਿਗਮ ਪਟਿਆਲਾ, ਨਗਰ ਪੰਚਾਇਤ ਘੱਗਾ ਅਤੇ ਘਨੌਰ ਦੀਆਂ ਆਮ ਚੋਣਾਂ-2017 ਦੇ ਸਬੰਧ ਵਿੱਚ ਸਬੰਧਤ ਰਿਟਰਨਿੰਗ ਅਫ਼ਸਰਾਂ ਕੋਲ ਅੱਜ ਨਾਮਜਦਗੀਆਂ ਦਾਖ਼ਲ ਕਰਨ ਦੇ ਅੰਤਿਮ ਦਿਨ ਤੱਕ ਕੁੱਲ 396 ਉਮੀਦਵਾਰਾਂ ਵਲੋਂ ਨਾਮਜਦਗੀਆਂ ਭਰੀਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ ਵਾਰਡਾਂ ਲਈ ਅੱਜ ਤੱਕ 292 ਉਮੀਦਵਾਰਾਂ ਵੱਲੋਂ ਨਾਮਦਜਗੀ ਪੱਤਰ ਦਾਖਲ ਕੀਤੇ ਗਏ। ਜਦਕਿ ਨਗਰ ਪੰਚਾਇਤ ਘੱਗਾ ਲਈ 79 ਅਤੇ ਨਗਰ ਪੰਚਾਇਤ ਘਨੌਰ ਲਈ ਕੁੱਲ 25 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਭਰੇ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 1 ਤੋਂ 10 ਲਈ ਨਿਯੁਕਤ ਰਿਟਰਨਿੰਗ ਅਧਿਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਕੋਲ ਕੁੱਲ 48 ਉਮੀਦਵਾਰਾਂ, ਵਾਰਡ ਨੰਬਰ 11 ਤੋਂ 20 ਲਈ ਰਿਟਰਨਿੰਗ ਅਧਿਕਾਰੀ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਕੋਲ ਕੁੱਲ 48, ਵਾਰਡ ਨੰਬਰ 21 ਤੋਂ 30 ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ ਸਮਾਣਾ ਕੋਲ 55 ਉਮੀਦਵਾਰਾਂ ਅਤੇ ਵਾਰਡ ਨੰਬਰ 31 ਤੋਂ 40 ਦੇ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ ਪਟਿਆਲਾ ਕੋਲ 39 ਉਮੀਦਵਾਰ ਜਦੋਂ ਕਿ ਵਾਰਡ ਨੰਬਰ 41 ਤੋਂ 50 ਲਈ ਰਿਟਰਨਿੰਗ ਅਧਿਕਾਰੀ ਸਕੱਤਰ ਆਰ.ਟੀ.ਏ. ਪਟਿਆਲਾ ਕੋਲ 52 ਉਮੀਦਵਾਰਾਂ ਨੇ ਅਪਣੇ ਨਾਮਦਜਗੀ ਪੱਤਰ ਦਾਖਲ ਕੀਤੇ ਅਤੇ ਵਾਰਡ ਨੰਬਰ 51 ਤੋਂ 60 ਲਈ ਰਿਟਰਨਿੰਗ ਅਧਿਕਾਰੀ ਸਹਾਇਕ ਕਮਿਸ਼ਨਰ ਜਨਰਲ ਪਟਿਆਲਾ ਕੋਲ ਕੁੱਲ 50 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ।
ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਘੱਗਾ ਦੇ 13 ਵਾਰਡਾਂ ਲਈ ਅੱਜ ਰਿਟਰਨਿੰਗ ਅਧਿਕਾਰੀ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਕੋਲ 79 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ। ਜਦੋਂਕਿ ਨਗਰ ਪੰਚਾਇਤ ਘਨੌਰ ਲਈ 25 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ। ਸ੍ਰੀ ਪਰੇ ਨੇ ਦਸਿਆ ਕਿ ਨਾਮਜਦਗੀਆਂ ਦਾਖਲ ਕਰਨ ਤੋਂ ਬਾਅਦ ਹੁਣ 7 ਦਸੰਬਰ ਨੂੰ ਇਨ੍ਹਾਂ ਦੀ ਪੜਤਾਲ ਹੋਵੇਗੀ, 8 ਦਸੰਬਰ ਤਕ ਨਾਮਜਦਗੀਆਂ ਵਾਪਸ ਲਈਆਂ ਜਾ ਸਕਣਗੀਆ ਤੇ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ 4 ਵਜੇ ਤਕ ਵੋਟਾਂ ਪੈਣਗੀਆਂ ਤੇ ਇਸੇ ਦੌਰਾਨ ਵੋਟਾਂ ਪੈਣ ਦੀ ਸਮਾਪਤੀ ਸਮੇਂ ਵੋਟਾਂ ਦੀ ਗਿਣਤੀ ਹੋਵੇਗੀ।