ਚੰਡੀਗੜ੍ਹ , 7 ਦਸੰਬਰ , 2017 : ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿਚ ਕੁੱਝ ਥਾਵਾਂ ਤੇ ਨਾਮਜ਼ਦਗੀਆਂ ਦੇ ਮਾਮਲੇ ਤੇ ਹੋਈ ਹਿੰਸਾ ਅਤੇ ਗੜਬੜ ਦੀਆਂ ਘਟਨਾਵਾਂ ਅਤੇ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਸਟੇਟ ਚੋਣ ਕਮਿਸ਼ਨ ਨੇ ਚਾਰ ਸ਼ਹਿਰਾਂ ਵਿਚ ਚੋਣ ਪ੍ਰਕਿਰਿਆ ਤੇ ਰੋਕ ਲਾ ਦਿੱਤੀ ਹੈ . ਇਸ ਮੰਤਵ ਲਈ ਨਾਮਜ਼ਦਗੀ ਪੱਤਰਾਂ ਦੀ ਸਕਰੂਟਨੀ ਤੇ ਰੋਕ ਲਾ ਦਿੱਤੀ ਹੈ .ਇਨ੍ਹਾਂ ਵਿਚ ਬਾਘਾ ਪੁਰਾਣਾ ( ਮੋਗਾ ), ਘਨੌਰ ( ਪਟਿਆਲਾ ) , ਮੱਲਾ ਵਾਲਾ ਅਤੇ ਮਖੂ ( ਫ਼ਿਰੋਜ਼ਪੁਰ) ਸ਼ਾਮਲ ਹਨ .
ਇਹ ਜਾਣਕਾਰ ਦਿੰਦੇ ਹੋਏ ਸਟੇਟ ਦੇ ਮੁੱਖ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇਨ੍ਹਾ ਸ਼ਹਿਰਾਂ ਵਿਚੋਂ ਹਿੰਸਾ ਅਤੇ ਟਕਰਾਅ ਦੀਆਂ ਖ਼ਬਰਾਂ ਮਿਲੀਆਂ ਸਨ . ਇਸ ਦੇ ਨਾਲ ਹੀ ਅਕਾਲੀ ਦਲ ਅਤੇ ਕੁੱਝ ਉਮੀਦਵਾਰਾਂ ਵੱਲੋਂ ਸ਼ਿਕਾਇਤਾਂ ਵੀ ਮਿਲੀਆਂ ਸਨ .
ਇਨ੍ਹਾਂ ਨੂੰ ਮੁੱਖ ਰੱਖਦੇ ਹੋਏ ਸਬੰਧਤ ਚੋਣ ਆਬਜ਼ਰਵਰਾਂ ਰਾਹੀਂ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗੀ ਗਈ ਸੀ . ਇਹ ਰਿਪੋਰਟਾਂ 10 ਵਜੇ ਤੱਕ ਨਾ ਪੁੱਜਣ ਕਰਕੇ ਅਰਜ਼ੀ ਤੌਰ ਤੇ ਚੋਣ ਪ੍ਰਕਿਰਿਆ ਰੋਕਣ ਦਾ ਨਿਰਨਾ ਲਿਆ ਗਿਆ ਜਿਸ ਦੇ ਸਿੱਟੇ ਵਜੋਂ ਫ਼ਿਲਹਾਲ ਨਾਮਜ਼ਦਗੀ ਪੱਤਰਾਂ ਦੀ ਸਕਰੂਟਨੀ ਰੋਕ ਦਿੱਤੀ ਗਈ ਹੈ . ਹੁਣ ਜਦੋਂ ਕਮਿਸ਼ਨ ਵੱਲੋਂ ਮੰਗੀ ਰਿਪੋਰਟ ਆ ਜਾਵੇਗੀ ਤਾਂ ਅਗਲੀ ਕਾਰਵਾਈ ਬਾਰੇ ਨਿਰਨਾ ਮੈਰਿਟ ਤੇ ਲਿਆ ਜਾਵੇਗਾ .
ਸ ਸੰਧੂ ਨੇ ਦੱਸਿਆ ਕਿ ਕਮਿਸ਼ਨ ਨੂੰ ਇਹ ਅਧਿਕਾਰ ਹੈ ਕਿ ਉਹ ਸਥਿਤੀ ਨੂੰ ਦੇਖ ਕੇ ਚੋਣ - ਸਮਾਂ ਸੂਚੀ ਵਿਚ ਬਦਲਾਅ ਕਰ ਸਕਦਾ ਹੈ . ਉਨ੍ਹਾਂ ਸਪਸ਼ਟ ਕੀਤਾ ਕਿ ਉਹ ਕਾਨੂੰਨ ਅਤੇ ਨਿਯਮਾਂ ਅਨੁਸਾਰ ਹੀ ਸਾਰੀ ਚੋਣ ਪ੍ਰਕਿਰਿਆ ਚਲਾ ਰਹੇ ਹਨ ਅਤੇ ਕਿਸੇ ਨਾਲ ਵੀ ਕੋਈ ਵਿਤਕਰਾ ਜਾਂ ਪੱਖਪਾਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ .