ਪਟਿਆਲਾ 24 ਨਵੰਬਰ 2017: ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਦੇ ਨਾਮ ਬਦਲਣ ਦੇ ਗੰਭੀਰ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀਆਂ ਦੇਰੀ ਹੁਣ ਬਹੁਤ ਦੇਰੀ ਨਾਲ ਲਿਖੀਆਂ ਦੋ ਚਿੱਠੀਆਂ ਕੇਵਲ ਗੋਂਗਲੂਆਂ ਤੋਂ ਮਿੱਟੀ ਝਾੜਨ' ਵਾਲੀ ਗੱਲ ਹੀ ਹੈ । ਇਸ ਸਾਰੇ ਮਾਮਲੇ ਦੀ ਪਿੱਠ ਭੂਮੀ ਵਿੱਚੋਂ, ਸਿੱਖ ਘੱਟ ਗਿਣਤੀ ਦੇ ਵਰਾਸਤੀ ਪ੍ਰਤੀਕਾਂ ਨੂੰ ਮਿਟਾਉਂਣ ਦੀ, ਬੀ.ਜੇ.ਪੀ ਅਤੇ ਆਰ. ਐਸ. ਦੀ ਘਿਨਾਉਂਣੀ ਸਾਜਿਸ਼ ਨੂੰ ਗੰਭਰਿਤਾ ਨਾਲ ਸਮਝਣ ਦੀ ਜ਼ਰੂਰਤ ਹੈ। ਇਹ ਗੱਲ ਵੀ ਸਪਸ਼ਟ ਤੌਰ ਤੇ ਨਜ਼ਰ ਆ ਰਹੀ ਹੈ ਕਿ ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਦੀ ਗਵਰਨਿੰਗ ਬਾਡੀ ਦੇ ਪ੍ਰਧਾਨ ਸ੍ਰੀ ਅਮਿਤਾਬ ਸਿਨਹਾ, ਭਾਰਤੀ ਜਨਤਾ ਪਾਰਟੀ ਦੇ ਕੌਮੀ ਨੇਤਾ ਹਨ ਅਤੇ ਉਨ੍ਹਾਂ ਨੇ ਇਸ ਵਰਾਸਤੀ ਕਾਲਜ ਦਾ ਨਾਮ ਬਦਲਣ ਤੋਂ ਪਹਿਲਾਂ, ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ, ਸ੍ਰੀ ਪ੍ਰਕਾਸ਼ ਜਾਵੇਡਕਰ ਨੂੰ ਇਸ ਘਿਨਾਉਂਣੀ ਸਾਜਿਸ਼ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਤੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਦੀ ਅਗਾਊਂ ਮਨਜ਼ੂਰੀ ਲੈ ਲਈ ਹੈ।ਇਸ ਲਈ ਇਹ ਮਾਮਲਾ ਹੁਣ ਅਤੀ ਗੰਭੀਰ ਸ਼ਕਲ ਇਖ਼ਤਿਆਰ ਕਰ ਗਿਆ ਹੈ ਤੇ ਮਹਿਜ਼ ਦੋ ਚਿੱਠੀਆਂ ਲਿਖਣ ਨਾਲ ਹੱਲ ਹੋਣ ਵਾਲਾ ਨਹੀਂ।
ਇੱਥੇ ਇਹ ਵਰਨਣ ਕਰਨਾ ਵੀ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਵਿੱਚ ਭਾਈਵਾਲ ਪਾਰਟੀ ਹੈ ਤੇ ਸ਼੍ਰੀ ਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਦੀ ਵਜ਼ਾਰਤ ਵਿੱਚ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਦੀ ਹੈਸੀਅਤ ਵਿੱਚ ਹੀ ਮੰਤਰੀ ਹਨ। ਪਹਿਲਾਂ ਤਾਂ ਇਸ ਗੱਲ ਦਾ ਅਫ਼ਸੋਸ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਤੇ ਜਾਗਣ ਵਿੱਚ ਹੀ ਬਹੁਤ ਦੇਰ ਕਰ ਦਿੱਤੀ ਹੈ ਅਤੇ ਜੇ ਸਾਰੀ ਕੌਮ ਦੇ ਜਾਗਣ ਤੋਂ ਪਿੱਛੋਂ ਹੁਣ ਜਾਗੇ ਵੀ ਹਨ ਤਦ ਵੀ ਇਸ ਮਾਮਲੇ ਤੇ ਮਹਿਜ਼ 'ਗੋਂਗਲੂਆਂ ਤੋਂ ਮਿੱਟੀ ਝਾੜਨ' ਵਾਲਾ ਕੰਮ ਹੀ ਕੀਤਾ ਹੈ।ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਦੇ ਨੇਤਾ ਸ੍ਰ. ਸੁਖਪਾਲ ਸਿੰਘ ਖਹਿਰਾ ਦੇ ਅਸਤੀਫ਼ੇ ਦੇ ਮਾਮਲੇ ਨੂੰ ਲੈ ਕੇ ਏਨਾ ਭਾਰੀ ਵਾਵੇਲਾ ਖੜ੍ਹਾ ਕਰਨ ਵਾਲੇ ਅਕਾਲੀ, ਸਿੱਖਾਂ ਦੀ ਇਸ ਕੌਮੀ ਵਿਰਾਸਤ (ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ) ਨਾਲ, ਉਨ੍ਹਾਂ ਦੀ ਭਾਈਵਾਲ ਪਾਰਟੀ ਬੀ.ਜੇ.ਪੀ ਵੱਲੋਂ ਗੰਭੀਰ ਛੇੜ-ਛਾੜ ਕੀਤੇ ਜਾਣ ਦੇ ਮਾਮਲੇ ਵਿੱਚ ਇਹ ਬਹੁਤ ਹੀ ਦੇਰੀ ਨਾਲ ਲਿਖੀਆਂ, ਮਹਿਜ਼ ਦੋ ਰਸਮੀ ਚਿੱਠੀਆਂ ਤੱਕ ਹੀ ਕਿਉਂ ਸਿਮਟ ਕੇ ਰਹਿ ਗਏ ਹਨ ? ਕੀ ਇਹ ਆਪਣੇ ਸਾਰੇ ਐਮ.ਐਲ.ਏ ਅਤੇ ਐਮ.ਪੀ ਸਾਹਿਬਾਨ ਦਾ ਇੱਕ ਉੱਚ ਪੱਧਰੀ ਵਫ਼ਦ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਆਪਣੇ ਹਮਰੁਤਮਾ ਮੰਤਰੀ, ਸ੍ਰੀ ਪ੍ਰਕਾਸ਼ ਜਾਵੇਡਕਰ ਨੂੰ ਨਹੀਂ ਮਿਲ ਸਕਦੇ ? ਜਾਂ ਇਨ੍ਹਾਂ ਦੀ ਇੱਛਾ ਸ਼ਕਤੀ ਤੇ ਸੰਕਲਪ ਹੁਣ ਮਹਿਜ਼ ਚਿੱਠੀਆਂ ਤੱਕ ਹੀ ਸੀਮਤ ਹੋ ਗਏ ਹਨ ? ਬੀ.ਜੇ.ਪੀ ਦੇ ਕੌਮੀ ਆਗੂਆਂ ਅਤੇ ਕੇਂਦਰੀ ਸਰਕਾਰ ਦੇ ਮੰਤਰੀਆ ਨੂੰ ਇਹ ਗੱਲ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਵੱਲੋਂ ਦੱਸਣੀ ਬਣਦੀ ਹੈ ਕਿ ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਦੇ ਨਾਮ ਬਦਲਣ ਦਾ ਮਾਮਾਲਾ ਏਨਾਂ ਸਾਧਾਰਣ ਨਹੀਂ ਕਿ ਇਸ ਨੂੰ ਆਸਾਨੀ ਨਾਲ ਠੰਡੇ ਬਸਤੇ ਵਿੱਚ ਪਾਇਆ ਜਾ ਸਕਦਾ ਹੈ, ਇਹ ਮਾਮਲਾ ਸਿੱਖ ਕੌਮ ਦੀ ਵਰਾਸਤੀ ਚੇਤੰਨਤਾ ਨਾਲ ਜੁੜਿਆ ਹੋਇਆ ਹੋਣ ਕਰਕੇ ਇਸ ਨੂੰ ਹਰ ਹੀਲੇ, ਸਮੁੱਚੀ ਸਿੱਖ ਕੌਮ ਦੀ ਤਸੱਲੀ ਅਨੁਸਾਰ ਹੀ ਹੱਲ ਕਰਨਾ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਆਪਣੀ ਬਣਦੀ ਯੋਗ ਭੂਮਿਕਾ ਨਿਭਾਉਂਣੀ ਚਾਹੀਦੀ ਹੈ, ਸੋਸ਼ਲ ਮੀਡੀਆ ਤੇ ਕੇਵਲ ਇੱਕ ਟਵੀਟ ਕਰਨ ਨਾਲ ਇਹ ਮਾਮਲਾ ਹੱਲ ਹੋਣ ਵਾਲਾ ਨਹੀਂ, ਇਸ ਤੇ ਸਾਰੀਆਂ ਹੀ ਧਿਰਾਂ ਨੂੰ ਇੱਕ ਸਾਂਝੀ ਯੋਜਨਾ ਉਲੀਕ ਕੇ, ਅਸਰਦਾਰ ਢੰਗ ਨਾਲ ਦੋ-ਟੁੱਕ ਗੱਲ ਕਰਨੀ ਚਾਹੀਦੀ ਹੈ।