ਚੰਡੀਗੜ, 17 ਨਵੰਬਰ 2017: ਪੰਜਾਬ ਮੰਤਰੀ ਮੰਡਲ ਨੇ ਅੱਜ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀ ਮੂਲ ਦੇ ਨੌਜਵਾਨਾਂ ਤੱਕ ਪਹੁੰਚ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਪ੍ਰੋਗਰਾਮ ਤਹਿਤ ਪੰਜਾਬ ਮੂਲ ਦੇ ਨੌਜਵਾਨ ਲੜਕੇ-ਲੜਕੀਆਂ ਜਿਨਾਂ ਦੇ ਮਾਂ-ਬਾਪ, ਦਾਦਾ-ਦਾਦੀ ਜਾਂ ਵੱਡੇ-ਵਡੇਰੇ ਵਿਦੇਸ਼ਾਂ ਵਿੱਚ ਰਹਿੰਦੇ ਹਨ ਜਾਂ ਵਸ ਗਏ ਹਨ, ਨੂੰ ਆਪਣੇ ਪੁਰਖਿਆਂ ਦੀਆਂ ਜੜਾਂ ਅਤੇ ਪੰਜਾਬ ਦੇ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨਾਲ ਜੋੜਣ ਲਈ ਪਹਿਲਕਦਮੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਹਾਲ ਹੀ ਵਿੱਚ ਆਪਣੇ ਲੰਡਨ ਦੌਰੇ ਮੌਕੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਅਤੇ ਇਸ ਸਕੀਮ ਦੇ ਉਦੇਸ਼ ਬਾਰੇ ਕੈਬਨਿਟ ਸਾਥੀਆਂ ਨੂੰ ਜਾਣੰੂ ਕਰਵਾਇਆ। ਇਸ ਪ੍ਰੋਗਰਾਮ ਦਾ ਮਕਸਦ ਇਨਾਂ ਨੌਜਵਾਨਾਂ ਨੂੰ ਪੰਜਾਬ ਦੀ ਅਸਲ ਮੌਜੂਦਾ ਸਥਿਤੀ ਬਾਰੇ ਪਰਵਾਸੀ ਨੌਜਵਾਨਾਂ ਨੂੰ ਜਾਣੰੂ ਕਰਵਾਉਣਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਤਜਵੀਜ਼ਤ ਸਕੀਮ ਐਨ.ਆਰ.ਆਈ. ਮਾਮਲਿਆਂ ਬਾਰੇ ਵਿਭਾਗ ਵੱਲੋਂ 16 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਜੋ ਕਿ ਹੋਰ ਦੇਸ਼ਾਂ ਵਿੱਚ ਵਸ ਗਏ ਹਨ, ਲਈ ਚਲਾਈ ਜਾਣੀ ਹੈ ਜੋ ਆਪਣੇ ਪਿਤਾ ਪੁਰਖੀ ਦੇਸ਼ ਅਤੇ ਇਲਾਕਿਆਂ ਨੂੰ ਵੇਖਣ ਅਤੇ ਆਪਣੇ ਮੂਲ ਨਾਲ ਜੁੜਨ ਦਾ ਆਧਾਰ ਬਣੇਗੀ। ਇਹ ਸਕੀਮ ਇਨਾਂ ਨੌਜਵਾਨਾਂ ਨੂੰ ਆਪਣੇ ਪਰਿਵਾਰਕ ਪਿਛੋਕੜ ਅਤੇ ਸੱਭਿਆਚਾਰ ਜਿਸ ਨਾਲ ਉਹ ਸਬੰਧ ਰੱਖਦੇ ਹਨ, ਨੂੰ ਸਮਝਣ ਅਤੇ ਆਪਣੇ ਦੇਸ਼ ਦੀਆਂ ਜੜਾਂ ਨਾਲ ਭਾਵੁਕ ਸਾਂਝ ਬਣਾਉਣ ਦੇ ਯੋਗ ਬਣਾਏਗੀ। ਨੌਜਵਾਨਾਂ ਦਾ ਪਹਿਲ ਗਰੁੱਪ 9 ਜਨਵਰੀ, 2019 ਦੇ ਨੇੜੇ-ਤੇੜੇ ਆਉਣ ਦੀ ਉਮੀਦ ਹੈ ਜੋ ਇਤਫਾਕਵੱਸ ਪਰਵਾਸੀ ਭਾਰਤੀ ਦਿਵਸ ਹੈ ਅਤੇ ਹਰੇਕ ਗਰੁੱਪ 15 ਨੌਜਵਾਨਾਂ ’ਤੇ ਅਧਾਰਿਤ ਹੋਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਉਹ ਯੂ.ਕੇ., ਆਸਟਰੇਲੀਆ ਅਤੇ ਕੈਨੇਡਾ ਸਮੇਤ ਵੱਖ-ਵੱਖ ਮੁਲਕਾਂ ਦੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਸਕੀਮ ਬਾਰੇ ਜਾਣੰੂ ਕਰਵਾਉਣਗੇ ਅਤੇ ਇਨਾਂ ਮੁਲਕਾਂ ਤੋਂ ਨੌਜਵਾਨਾਂ ਨੂੰ ਸੱਦਾ ਦੇਣਗੇ। ਭਵਿੱਖ ਵਿੱਚ ਇਹ ਪ੍ਰੋਗਰਾਮ ਨੌਜਵਾਨਾਂ ਦੇ ਪੱਧਰ ’ਤੇ ਪਰਵਾਸੀ ਭਾਰਤੀਆਂ ਨੂੰ ਵਿਦੇਸ਼ਾਂ ਅਤੇ ਪੰਜਾਬ ਵਿੱਚ ਰਹਿੰਦੇ ਨੌਜਵਾਨਾਂ ਦੀ ਪ੍ਰਗਤੀ ਲਈ ਸਮਾਜਿਕ ਸਾਂਝ, ਆਧੁਨਿਕਤਾ ਅਤੇ ਸਰਬਪੱਖੀ ਵਿਕਾਸ ਨੂੰ ਵਧਾਉਣ ਵਿੱਚ ਕੜੀ ਵਜੋਂ ਸਹਾਈ ਹੋ ਹੋਵੇਗਾ।
ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਪ੍ਰੋਗਰਾਮ ਦਾ ਐਲਾਨ ਕਰਦਿਆਂ ਨੌਜਵਾਨ ਲੜਕੇ-ਲੜਕੀਆਂ ਖਾਸ ਤੌਰ ’ਤੇ ਜੋ ਕਦੇ ਵੀ ਭਾਰਤ ਨਹੀਂ ਆਏ, ਨੂੰ ਦੋ ਹਫ਼ਤਿਆਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਜੋ ਉਨਾਂ ਨੂੰ ਆਪਣੀਆਂ ਜੜਾਂ ਮਜ਼ਬੂਤ ਕਰਨ ਲਈ ਮੰਚ ਮੁਹੱਈਆ ਕਰਵਾਏਗਾ। ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਚਾਹੁੰਦੇ ਹਨ ਕਿ ਉਹ ਪੰਜਾਬ ਦੀ ਫੇਰੀ ਪਾਉਣ ਅਤੇ ਉਨਾਂ ਦੀ ਸਰਕਾਰ ਨੂੰ ਦੱਸਣ ਕਿ ਉਹ ਸੂਬੇ ਪ੍ਰਤੀ ਕੀ ਭਾਵਨਾ ਰੱਖਦੇ ਹਨ ਅਤੇ ਹੋਰ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਉਹ ਅਤੇ ਕੈਬਨਿਟ ਸਾਥੀ ਇਨਾਂ ਨੌਜਵਾਨਾਂ ਦਾ ਪੰਜਾਬ ਆਉਣ ’ਤੇ ਖੁਦ ਸੁਆਗਤ ਕਰਨਗੇ ਅਤੇ ਸੂਬਾ ਸਰਕਾਰ ਉਨਾਂ ਨੂੰ ਜਿੱਥੇ ਚਾਹੁਣ, ਜਾਣ ਦੀ ਇਜਾਜ਼ਤ ਦੇਵੇਗੀ।
ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਜੱਦੀ ਪਿੰਡ ਜਾਂ ਸ਼ਹਿਰ ਦਾ ਦੌਰਾ ਕਰਨ ਦਾ ਮੌਕਾ ਮੁਹੱਈਆ ਕਰਵਾਏਗਾ ਜਿੱਥੇ ਉਨਾਂ ਦੇ ਪੁਰਖੇ ਜੰਮੇ-ਪਲੇ ਅਤੇ ਆਪਣਾ ਬਚਪਨ ਬਿਤਾਇਆ। ਇਹ ਉਪਰਾਲਾ ਉਨਾਂ ਨੂੰ ਆਪਣੀ ਮਾਤ-ਭਾਸ਼ਾ ਸਿੱਖਣ ਤੇ ਬੋਲਣ ਲਈ ਮੌਕਾ ਪ੍ਰਦਾਨ ਕਰੇਗਾ।