ਚੰਡੀਗੜ੍ਹ, 14 ਨਵੰਬਰ 2017 : ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਸੈਕਟਰ 10 ਸਥਿਤ ਸਰਕਾਰੀ ਕਾਲਜ ਆਫ ਆਰਟਸ ਵਿਖੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਮਿਸਟਰ ਜਸਟਿਸ ਐਮ.ਐਮ.ਐਸ. ਬੇਦੀ ਦੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ''ਐਕਸਪ੍ਰੈਸ਼ਨਜਜ਼'' ਦੇ ਨਾਂ ਹੇਠ ਲਗਾਈ ਗਈ ਇਹ ਚਾਰ ਰੋਜ਼ਾ ਸੋਲੋ ਪ੍ਰਦਰਸ਼ਨੀ ਵਿੱਚ ਜਸਟਿਸ ਬੇਦੀ ਵਲੋਂ ਬਣਾਈਆਂ ਗਈਆਂ ਅਨੇਕਾਂ ਪੇਂਟਿੰਗਜ਼ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਕਲਾਕਾਰ ਦੀ ਸਿਰਜਨਾਤਮਕ ਸ਼ਕਤੀ ਉਸ ਨੂੰ ਹੋਰ ਹੀ ਦੁਨੀਆਂ ਅੰਦਰ ਲੈ ਜਾਂਦੀ ਹੈ ਜਿੱਥੇ ਉਹ ਨਿੱਤ ਦਿਨ ਦੇ ਕੰਮਾਂ ਤੋਂ ਦੂਰ ਜਾ ਕੇ ਸੰਤੁਸ਼ਟੀ ਹਾਸਲ ਕਰਦਾ ਹੈ। ਉਨ੍ਹਾਂ ਕਿਹਾ ਕਿ ਜਸਟਿਸ ਬੇਦੀ ਨੇ ਆਪਣੇ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਲਾਵ ਪੇਂਟਿਗਜ਼ ਰਾਹੀਂ ਆਪਣੇ ਦਿਲ ਦੇ ਵਲਵਲਿਆਂ ਨੂੰ ਪ੍ਰਗਟ ਕੀਤਾ ਹੈ ਜੋ ਕਿ ਬਹੁਤ ਪ੍ਰੇਰਣਾ ਦਾਇਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਪੇਂਟਿੰਗਜ਼ ਦਾ ਵਿਸ਼ਾ ਕੁਦਰਤ ਦੇ ਨੇੜੇ ਹੈ ਜਿਨ੍ਹਾਂ ਰਾਹੀਂ ਉਨ੍ਹਾਂ ਦੀ ਕੋਮਲਤਾ, ਨਜ਼ਾਕਤ ਅਤੇ ਕਲਾ ਪ੍ਰਤੀ ਜ਼ਨੂਨ ਸਾਹਮਣੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪੇਂਟਿੰਗਜ਼ ਰੂਹਾਂ ਦਾ ਪ੍ਰਗਟਾਵਾ ਹੈ ਜਿਹਨਾਂ ਨੂੰ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਹੈ।
ਇਸ ਮੌਕੇ ਜਸਟਿਸ ਬੇਦੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹੱਥਾਂ ਵਿੱਚ ਬੁਰਸ਼ ਉਠਾ ਕੇ ਪੇਂਟਿੰਗਜ਼ ਬਨਾਉਣਾ ਉਨ੍ਹਾਂ ਦੇ ਦਿਲ ਨੂੰ ਸਕੂਨ ਪਹੁੰਚਾÀਂਦਾ ਹੈ ਅਤੇ ਅਥਾਹ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ੌਂਕ ਨਾਲ ਜਿੱਥੇ ਉਹ ਆਪਣੇ ਡਿਊਟੀ ਤੋਂ ਬਾਅਦ ਰਿਲੈਕਸ ਮਹਿਸੂਸ ਕਰਦੇ ਹਨ ਉੱਥੇ ਕੁਦਰਤ ਦੇ ਨੇੜੇ ਹੋ ਕੇ ਜੁੜਨ ਦਾ ਮੌਕਾ ਵੀ ਮਿਲਦਾ ਹੈ।
ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ, ਜੁਡੀਸ਼ੀਅਰੀ ਨਾਲ ਜੁੜੀਆਂ ਅਹਿਮ ਸ਼ਖਸੀਅਤਾ ਤੋਂ ਇਲਾਵਾ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ., ਸਾਬਕਾ ਵਿਧਾਇਕ ਸ੍ਰੀ ਕੇਵਲ ਸਿੰਘ ਢਿੱਲੋਂ ਤੇ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਵੀ ਹਾਜ਼ਰ ਸਨ।