ਜੀ ਐਸ ਪੰਨੂ
ਪਟਿਆਲਾ, 1 ਨਵੰਬਰ, 2017 :
ਪੰਜਾਬੀ ਯੂਨੀਵਰਸਿਟੀ ਛੇਤੀ ਹੀ ਆਪਣੇ ਵਿਦਿਆਰਥੀਆਂ ਨੂੰ ਭਾਰਤੀ ਹਵਾਈ ਸੈਨਾ, ਫੌਜ ਅਤੇ ਜਲ ਸੈਨਾ ਸਮੇਤ ਭਾਰਤੀ ਹਥਿਆਰਬੰਦ ਫੌਜਾਂ ਦੇ ਵੱਖ ਵੱਖ ਵਿੰਗਾਂ ਵਿੱਚ ਸ਼ਾਮਲ ਹੋਣ ਲਈ ਹਵਾ ਅਤੇ ਜ਼ਮੀਨੀ ਕਰਤੱਵਾਂ 'ਚ ਨੌਕਰੀ ਦੀ ਸਮਰੱਥਾ ਵਾਲੇ ਸ਼ਾਰਟ-ਟਰਮ ਓਰੀਅਨਟੇਸ਼ਨ ਕੋਰਸ ਸ਼ੁਰੂ ਕਰੇਗੀ। ਇਹ ਐਲਾਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਯੂਨੀਵਰਸਿਟੀ ਕੈਂਪਸ ਵਿਖੇ ਭਾਰਤੀ ਹਵਾਈ ਸੈਨਾ ਦੇ ਇੰਡਕਸ਼ਨ ਪਬਲੀਸਿਟੀ ਐਗਜ਼ੀਬੀਸ਼ਨ ਵਹੀਕਲ (ਆਈ.ਪੀ.ਈ.ਵੀ.) ਵਲੋਂ ਕੀਤੇ ਗਏ ਰੋਡ ਡਰਾਈਵ ਵੇਲੇ ਭਾਰਤੀ ਹਵਾਈ ਫ਼ੌਜ ਦੇ ਅਫਸਰਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇਕ ਟੀਮ ਨਾਲ ਗੱਲਬਾਤ ਦੌਰਾਨ ਕੀਤਾ।
ਡਾ. ਘੁੰਮਣ ਨੇ ਡਾ. ਏ.ਕੇ. ਧਾਮ, ਡਾਇਰੈਕਟਰ ਪਲੇਸਮੈਂਟ ਸੈੱਲ ਅਤੇ ਉਨ੍ਹਾਂ ਦੇ ਡਿਪਟੀ ਡਾ. ਬਲਰਾਜ ਸਿੰਘ ਸੈਣੀ ਨੂੰ ਅਜਿਹੇ ਕੋਰਸਾਂ ਨੂੰ ਸ਼ਾਮਲ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਕਿਹਾ ਜੋ ਯੂਨੀਵਰਸਿਟੀ ਵਿਖੇ ਪਲੇਸਮੈਂਟ ਲਈ ਆਉਂਦੀਆਂ ਉਚ-ਪੱਧਰੀ ਕੰਪਨੀਆਂ ਦੀ ਤੁਲਨਾ ਵਿੱਚ ਅਤਿ ਉਤਸ਼ਾਹ, ਵੱਧ ਤਨਖਾਹਾਂ ਅਤੇ ਭੱਤੇ ਪ੍ਰਦਾਨ ਕਰਨ ਵਾਲੇ ਹੋਣ। ਇਹ ਯੂਨੀਵਰਸਿਟੀ ਦੇ ਆਈਏਐਸ ਅਤੇ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਿਚ ਸ਼ੁਰੂ ਕੀਤੇ ਜਾਣ ਵਾਲੇ ਪਹਿਲਾਂ ਤੋਂ ਯੋਜਨਾਬੱਧ ਆਈਲੈਟਸ ਅਤੇ ਟੂਏਫਿਲ ਕੋਰਸਾਂ ਦੀ ਲੜੀ ਵਿੱਚ ਹੋਵੇਗਾ।
ਵਿੰਗ ਕਮਾਂਡਰ ਅਨੀਸ਼ ਕੋਹਲੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਅਤੇ ਵਾਈਸ-ਚਾਂਸਲਰ ਡਾ. ਘੁੰਮਣ ਨਾਲ ਆਈ.ਪੀ.ਈ.ਵੀ ਦੇ 'ਲਡ਼ਾਕੂ ਜਹਾਜ਼ ਸਿਮੂਲੇਟਿਡ ਕਾਕਪਿੱਟ' ਵਿੱਚ ਬੈਠ ਕੇ ਆਪਣੇ ਹੱਥਾਂ ਨਾਲ ਡ੍ਰਾਈਵਿੰਗ ਕਰਨ ਦਾ ਇੱਕ ਕਲਪਨਾਤਮਕ ਉਤਸ਼ਾਹ ਪੈਦਾ ਕਰਨ ਵਾਲਾ ਤਜਰਬਾ ਸਾਂਝਾ ਕੀਤਾ। ਇਸਦੇ ਨਤੀਜੇ ਵਜੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਅੱਗੇ ਵਧਾਉਣ ਪ੍ਰਤੀ ਉਤਸ਼ਾਹ ਅਤੇ ਪ੍ਰੇਰਨਾ ਮਿਲੀ। ਸ਼੍ਰੀ ਕੋਹਲੀ ਨੇ ਅੱਗੇ ਕਿਹਾ ਕਿ ਜੇਕਰ ਯੂਨੀਵਰਸਿਟੀ ਅਜਿਹੇ ਕੋਰਸ ਸ਼ੁਰੂ ਕਰਨ ਦੀ ਇੱਛਾ ਰੱਖਦੀ ਹੈ ਤਾਂ ਸਰਕਾਰ ਨੂੰ ਯੂਨੀਵਰਸਿਟੀ ਦੇ ਅਜਿਹੇ ਪ੍ਰਸਤਾਵ ਨਾਲ ਸਹਿਮਤ ਹੋਣ ਵਿਚ ਕੋਈ ਝਿਜਕ ਹੋਣੀ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਅਜਿਹੇ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਭਾਰਤੀ ਇੰਡੀਅਨ ਮਿਲਟਰੀ ਫੋਰਸ ਵਿੱਚ ਸ਼ਾਮਲ ਹੋਣ ਲਈ ਇੱਛੁਕ ਉਮੀਦਵਾਰ ਤਿਆਰ ਕਰਨ ਲਈ ਕੁੱਝ ਸਰਕਾਰੀ ਅਕਾਦਮੀਆਂ ਅਤੇ ਵਿਸ਼ਾਲ ਬੁਨਿਆਦੀ ਢਾਂਚਾ ਉਪਲਬਧ ਹੈ।
ਇਸ ਮੌਕੇ ਤੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਇੱਕਠੇ ਹੋਏ ਵਿਦਿਆਰਥੀਆਂ ਨੂੰ ਦੋ ਲਘੂ ਫਿਲਮਾਂ ਵਿਖਾਈਆਂ ਗਈਆਂ ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜਿਹੇ ਪੇਸਿ਼ਆਂ ਵਿੱਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਸੀ ਜਿਥੇ ਰੋਜ਼ਗਾਰ ਦਾ ਉਤਸ਼ਾਹ ਇੱਕ ਵਿਸ਼ੇਸ਼ ਅਧਿਕਾਰ ਮੰਨਿਆ ਜਾਂਦਾ ਹੈ।