ਜੀ ਐਸ ਪੰਨੂ
ਪਟਿਆਲਾ, 30 ਅਕਤੂਬਰ, 2017 : ਪੁਲਿਸ ਲਾਈਨ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਡੀ. ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਨਾਭਾ ਦੇ ਆੜ੍ਹਤੀ ਮੋਨਿਕ ਜਿੰਦਲ ਦੀ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਕਤ ਮਾਮਲੇ ਨੂੰ ਪਟਿਆਲਾ ਪੁਲਿਸ ਦੀ ਟੀਮ ਨੇ ਹੱਲ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਕਾਤਲ ਦੀ ਭਾਲ ਲਈ ਐਸ. ਐਸ. ਪੀ. ਪਟਿਆਲਾ ਵਲੋਂ ਐਸ. ਪੀ. ਡੀ. ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ. (ਡੀ) ਸੁਖਵਿੰਦਰ ਸਿੰਘ ਚੌਹਾਨ ਅਤੇ ਨਾਭਾ ਪੁਲਸ ਦੀ ਟੀਮ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਪੰਜ ਦਿਨ ਦੀ ਡੂੰਘੀ ਤਫਤੀਸ਼ ਮਗਰੋਂ ਸੁਖਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਘਨੁੜਕੀ ਜੋ ਕਿ ਮੋਨਿਕ ਜਿੰਦਲ ਹੋਰਾਂ ਦਾ ਜਿਮੀਂਦਾਰ ਯਾਨੀ ਕਿ ਗਾਹਕ ਸੀ ਅਤੇ ਉਨ੍ਹਾਂ ਕੋਲ ਫਸਲ ਸੁੱਟਦਾ ਸੀ, ਨੂੰ ਨਾਭਾ ਤੋ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਅਤੇ 32 ਬੋਰ ਰਿਵਾਲਵਰ ਤੇ 5 ਰੋਂਦ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਮੋਨਿਕ ਜਿੰਦਲ ਤੇ ਉਸ ਦੇ ਸੋਨੂੰ ਜਿੰਦਲ ਨਾਲ 38 ਲੱਖ ਰੁਪਏ ਦਾ ਲੈਣ ਦੇਣ ਚੱਲਦਾ ਸੀ, ਸੁਖਵਿੰਦਰ ਸਿੰਘ ਸੋਨੂੰ ਜਿੰਦਲ ਨੂੰ ਕਤਲ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਸ ਨੇ ਆਪਣੇ ਹੀ ਪਿੰਡ ਦੇ ਬਿੱਟੂ ਸਿੰਘ ਨੂੰ ਸੋਨੂੰ ਦਾ ਕਤਲ ਕਰਨ ਲਈ 3 ਲੱਖ ਰੁਪਏ ਦੇਣੇ ਕਰ ਲਏ। ਇਕ ਦਿਨ ਪਹਿਲਾਂ 25 ਅਕਤੂਬਰ ਨੂੰ ਸੋਨੂੰ ਦੀ ਪਛਾਣ ਕਰਵਾਉਣ ਲਈ ਲੈ ਆਇਆ ਪਰ ਬਿੱਟੂ ਨੂੰ ਸਹੀ ਤਰੀਕੇ ਨਾਲ ਪਛਾਣ ਨਹੀਂ ਹੋ ਸਕੀ ਜਿਸ ਸਮੇਂ ਅਕਸਰ ਸੋਨੂੰ ਜਿੰਦਲ ਦੁਕਾਨ 'ਤੇ ਬੈਠਦਾ ਪਰ ਉਸ ਦਿਨ ਸੋਨੂੰ ਦੀ ਥਾਂ 'ਤੇ ਮੋਨਿਕ ਜਿੰਦਲ ਦੁਕਾਨ 'ਤੇ ਬੈਠਾ ਸੀ। ਸੁਖਵਿੰਦਰ ਮੋਟਰਸਾਈਕਲ ਦੇ ਪਿੱਛੇ ਰੁਕ ਗਿਆ ਤੇ ਬਿੱਟੂ ਸਿੱਧਾ ਦੁਕਾਨ ਵਿਚ ਅੰਦਰ ਗਿਆ, ਮੋਨਿਕ ਹੇਠਾਂ ਮੂੰਹ ਕਰਕੇ ਕੰਮ ਕਰ ਰਿਹਾ ਸੀ, ਬਿੱਟੂ ਨੇ ਜਾਂਦੇ ਹੀ ਉਸ ਦੇ ਸਿਰ 'ਤੇ ਰਿਵਾਲਵਰ ਰੱਖੀ ਅਤੇ ਜਿਉਂ ਹੀ ਮੋਨਿਕ ਨੇ ਸਿਰ ਉਪਰ ਚੁੱਕਿਆ, ਬਿੱਟੂ ਨੇ ਮੋਨਿਕ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਮੌਕੇ 'ਤੇ ਢੇਰੀ ਹੋ ਗਿਆ ਤੇ ਉਹ ਸੁਖਵਿੰਦਰ ਦੇ ਪਿੱਛੇ ਬੈਠ ਕੇ ਫਰਾਰ ਹੋ ਗਏ।
ਡੀ. ਆਈ. ਜੀ. ਗਿੱਲ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਸੁਖਵਿੰਦਰ ਨੇ ਤਿੰਨ ਘੰਟੇ ਪਹਿਲਾਂ ਫੋਨ ਬੰਦ ਕਰ ਲਿਆ ਸੀ ਤਾਂ ਉਸ ਦੀ ਲੋਕੇਸ਼ਨ ਟਰੇਸ ਨਾ ਹੋਵੇ, ਦੂਜਾ ਆਖਰੀ ਕਾਲ ਵੀ ਮੋਨਿਕ ਦੇ ਫੋਨ 'ਤੇ ਸੁਖਵਿੰਦਰ ਸਿੰਘ ਦੀ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੇ ਖਿਲਾਫ ਨਾਭਾ ਵਿਖੇ ਕਤਲ ਤੇ ਆਰਮਜ਼ ਐਕਟ ਦੇ ਤਹਿਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀ. ਆਈ. ਜੀ. ਗਿੱਲ ਨੇ ਦੱਸਿਆ ਕਿ ਮੋਨਿਕ ਜਿੰਦਲ ਨੂੰ ਗੋਲੀ ਮਾਰਨ ਵਾਲਾ ਬਿੱਟੂ ਸਿੰਘ ਪਿੰਡ ਘਨੁੜਕੀ ਦਾ ਰਹਿਣ ਵਾਲਾ ਹੈ, ਜਿਸ ਦੇ ਖਿਲਾਫ ਪਹਿਲਾਂ ਵੀ ਚਾਰ ਕੇਸ ਦਰਜ ਹਨ, ਜਿਨ੍ਹਾਂ ਵਿਚੋਂ ਦੋ ਚੋਰੀ ਦਾ, ਇਕ ਐਕਸਾਈਜ਼ ਐਕਟ ਦਾ ਅਤੇ ਇਕ ਕਾਪੀ ਰਾਈਟ ਐਕਟ ਦਾ ਸੰਗਰੂਰ ਵਿਖੇ ਕੇਸ ਦਰਜ ਹੈ। ਮੁੱਢਲੀ ਜਾਂਚ ਵਿਚ ਪਾਇਆ ਗਿਆ ਹੈ ਕਿ ਬਿੱਟੂ ਸਿੰਘ ਇਕ ਵਾਰ ਦਿੱਲੀ ਪੁਲਸ ਦੀ ਕਸਟਡੀ ਵਿਚੋਂ ਹੱਥਕੜੀ ਸਮੇਤ ਵੀ ਫਰਾਰ ਹੋ ਚੁੱਕਾ ਹੈ, ਜਿਸ ਦੀ ਉਮਰ ਲਗਭਗ 25 ਸਾਲ ਹੈ ਬਿੱਟੂ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਘਨੁੜਕੀ ਅਜੇ ਵੀ ਫਰਾਰ ਹੈ।
ਇਥੇ ਦੱਸਣਯੋਗ ਹੈ ਕਿ ਚਾਰ ਸਾਲ ਲੜਕੀ ਅਗਵਾ ਦਾ, ਇਕ ਏ ਟੀ ਐਮ ਅਤੇ ਇਕ ਵੈਨ ਲੁੱਟਣ ਦਾ ਕੇਸ ਸੁਲਜਾਣੈ ਵੀ ਬਾਕੀ ਰਹਿੰਦੇ ਹਨ।
ਇਸ ਮੌਕੇ ਐਸ. ਐਸ. ਪੀ. ਡਾ. ਐਸ. ਭੂਪਤੀ, ਐਸ. ਪੀ. ਡੀ. ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ. ਡੀ ਸੁਖਮਿੰਦਰ ਸਿੰਘ ਚੌਹਾਨ, ਡੀ. ਐਸ. ਪੀ. ਹੈਡਕੁਆਟਰ ਸਤਪਾਲ ਸ਼ਰਮਾ, ਸੀ. ਆਈ. ਏ. ਪਟਿਆਲਾ ਇੰਚਾਰਜ ਇੰਸ. ਦਲਜੀਤ ਸਿੰਘ ਵਿਰਕ, ਨਾਭਾ ਕੋਤਵਾਲੀ ਦੇ ਇੰਚਾਰਜ ਐਸ. ਆਈ. ਕਰਨੈਲ ਸਿੰਘ, ਸੀ. ਆਈ. ਏ. ਸਟਾਫ ਦੇ ਏ. ਐਸ. ਆਈ. ਜੋਗਿੰਦਰ ਸਿੰਘ, ਏ. ਐਸ. ਆਈ. ਹਰਜੀਤ ਸਿੰਘ ਆਦਿ ਹਾਜ਼ਰ ਸਨ।