ਜੀ ਐਸ ਪੰਨੂ
ਪਟਿਆਲਾ, 27 ਅਕਤੂਬਰ, 2017 : ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੀ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਹੋਈ ਮੀਟਿੰਗ ਚੋ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨੇ ਵਾਕ ਆਊਟ ਕਰਕੇ ਮੁੱਖ ਦਫਤਰ ਅੱਗੇ ਮੈਨੇਜਮੈਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ।ਜੁਆਇੰਟ ਫੋਰਮ ਦੇ ਆਗੂਆ ਨੇ ਮੀਟਿੰਗ ਚੋਂ ਬਾਹਰ ਆ ਕੇ ਦੱਸਿਆ ਕਿ
ਮੈਨੇਜਮੈਂਟ ਦਾ ਮੁਲਾਜਮ ਮੰਗਾਂ ਪ੍ਰਤੀ ਰਵੱਈਆ ਬਹੁਤ ਹੀ ਨਾਂਹਪੱਖੀ ਅਤੇ ਟਾਲਮਟੋਲ ਵਾਲਾ ਸੀ। ਪਾਵਰ ਮੈਨੇਜਮੈਂਟ ਪੇ-ਬੈਂਡ ਤੇ ਮੰਗਾਂ ਉਪਰ ਹੋਈਆਂ ਸਹਿਮਤੀਆਂ ਤੋਂ ਇਨਕਾਰੀ ਸੀ। ਜਿਸ ਕਰਕੇ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵਾਕ ਆਊਟ ਕਰਨਾ ਪਿਆ। ਆਗੂਆਂ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਨੇ ਮੁਲਾਜਮਾਂ ਦੇ ਹਿੱਤਾਂ ਨੂੰ ਪੂਰੀ ਤਰਰਾ ਅਣਡਿੱਠ ਕੀਤਾ ਹੋਇਆ ਹੈ। ਬਠਿੰਡਾ ਥਰਮਲ, ਰੋਪਡ਼ ਥਰਮਲ ਪਲਾਟਾਂ ਦੇ ਯੂਨਿਟਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਟਰਾਂਸਫਾਰਮਰ ਰਿਪੇਅਰ ਵਰਕਸ਼ਾਪਾਂ ਤੋਡ਼ ਕੇ ਮੁਲਾਜਮਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਮਹਿਕਮੇ ਦੇ ਕੰਮਾਂ ਨੂੰ ਬਾਹਰੀ ਸਰੋਤਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਵਰਕਚਾਰਜ ਅਤੇ ਕੰਟਰੈਕਟ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ। ਯੋਗ ਮੁਲਾਜਮਾਂ ਦੀਆਂ ਤਰੱਕੀਆਂ ਅਤੇ ਹੋਰ ਮੰਨੀਆਂ ਮੰਗਾਂ ਲਾਗੂ ਕਰਨ ਪ੍ਰਤੀ ਟਾਲ ਮਟੋਲ ਕੀਤੀ ਜਾ ਰਹੀ ਹੈ। ਮਹਿਕਮਾਨਾ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਤੋ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ।
ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸਕੱਤਰ ਨੇ ਦੱਸਿਆ ਕਿ ਮੈਨੇਜਮੈਂਟ ਦੀਆਂ ਇਨਾਂ ਮੁਲਾਜਮ ਮਾਰੂ ਨੀਤੀਆਂ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਪ੍ਰਤੀ ਦਿੱਤੇ ਭਰੋਸੇ ਨੂੰ ਲਾਗੂ ਨਾ ਕਰਨ ਵਿਰੁੱਧ ਬਿਜਲੀ ਕਾਮੇ ਪਾਵਰ ਮੈਨੇਜਮੈਂਟ ਵਿਰੁੱਧ 2 ਨਵੰਬਰ ਤੋਂ 20 ਨਵੰਬਰ ਤੱਕ ਮੰਡਲ ਪੱਧਰ ਤੇ ਸਮੁੱਚੇ ਪੰਜਾਬ ਅੰਦਰ ਬਿਜਲੀ ਦਫਤਰਾਂ ਅੱਗੇ ਰੋਸ ਧਰਨੇ ਦੇਣਗੇ। ਜੇਕਰ ਫਿਰ ਵੀ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ21 ਨਵੰਬਰ 2017 ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਦਾ ਮੁਲਾਜਮ ਵਿਰੋਧੀ ਅਤੇ ਅਡ਼ੀਅਲ ਰਵਈਆ ਜਾਰੀ ਰਿਹਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਮੀਟਿੰਗ ਵਿੱਚ ਜਗਤਾਰ ਸਿੰਘ ਉੱਪਲ, ਕਰਮਚੰਦ ਭਾਰਦਵਾਜ, ਬੀ.ਐਸ.ਸੇਖੋਂ, ਹਰਭਜਨ ਸਿੰਘ, ਹਰਮੇਸ਼ ਧੀਮਾਨ, ਜਸਵੀਰ ਸਿੰਘ ਰਾਠੌਰ, ਪ੍ਰਕਾਸ਼ ਸਿੰਘ ਮਾਨ, ਬ੍ਰਿਜ ਲਾਲ, ਫਲਜੀਤ ਸਿੰਘ, ਗੁਰਸੇਵਕ ਸਿੰਘ, ਕੰਵਲਜੀਤ ਸਿੰਘ, ਸੁਖਦੇਵ ਸਿੰਘ ਰੋਪਡ਼, ਹਰਪਾਲ ਸਿੰਘ ਖੰਗੂਡ਼ਾ, ਵਿਜੇ ਕੁਮਾਰ, ਅਮਰੀਕ ਸਿੰਘ ਨੂਰਪੁਰ, ਰਣਧੀਰ ਸਿੰਘ ਨਲੀਨਾ ਹਾਜਰ ਸਨ ਤੇ ਹੋਰ ਵੀ ਮਹਿੰਦਰਨਾਥ, ਰਤਨ ਸਿੰਘ, ਰਛਪਾਲ ਸਿੰਘ ਸੰਧੂ, ਕਾਰਜਵਿੰਦਰ ਸਿੰਘ, ਅਮਰਜੀਤ ਸਿੰਘ ਸਰਕਾਰੀਆ, ਕਿਸ਼ਨਦੇਵ, ਦਰਬਾਰਾ ਸਿੰਘ ਸੰਧੂ ਅਤੇ ਪਰਮਜੀਤ ਸਿੰਘ ਭੀਖੀ ਆਦਿ ਸਨ।