ਜੀ ਐਸ ਪੰਨੂ
ਪਟਿਆਲਾ, 26 ਅਕਤੂਬਰ, 2017 : ਪੰਜਾਬੀ ਯੂਨੀਵਰਸਿਟੀ ਦੇ ਤਿੰਨ ਰੋਜ਼ਾ ਅੰਤਰ-ਖੇਤਰੀ ਯੁਵਕ ਮੇਲੇ ਵਿੱਚ 30 ਆਈਟਮਾਂ ਵਿੱਚ 74 ਕਾਲਜਾਂ ਦੇ 1,200 ਤੋਂ ਵੱਧ ਲੜਕੇ ਅਤੇ ਲੜਕੀਆਂ ਹਿੱਸਾ ਲੈ ਰਹੇ ਹਨ । ਜਿਨ੍ਹਾਂ ਵਿਚੋਂ ਸਭ ਤੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਲਾਕਾਰਾਂ ਨੂੰ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਚੁਣਿਆ ਜਾਵੇਗਾ।ਜਿਸ ਦਾ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਸ਼ਮਾਂ ਰੋਸ਼ਨ ਕਰਕੇ ਉਦਘਾਟਨ ਖੱਚਾ-ਖੱਚ ਭਰੇ ਗੁਰੂ ਤੇਗ਼ ਬਹਾਦਰ ਹਾਲ ਵਿਖੇ ਕੀਤਾ ,ਵਾਈਸ-ਚਾਂਸਲਰ ਵਲੋਂ ਪੰਜਾਬੀ ਲੋਕ ਗਾਇਕ ਅਤੇ ਸਾਬਕਾ ਐਮ.ਐਲ.ਏ. ਮੁਹੰਮਦ ਸਦੀਕ ਨੂੰ ਆਪਣੀ ਗਾਇਕਾ-ਸਾਥਣ ਰਣਜੀਤ ਕੌਰ ਦੇ ਨਾਲ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਅੱਜ ਗਿੱਧਾ ਗੁਰੂ ਦੇਗ ਬਹਾਦਰ ਹਾਲ ਦਾ ਸਿਗਾਰ ਬਣਿਆ ਰਿਹਾ।
ਮੁਹੰਮਦ ਸਦੀਕ ਨੇ ਕਿਹਾ ਕਿ ਸਿਰਫ ਸਖਤ ਮਿਹਨਤ , ਅਟੁੱਟ ਇੱਛਾ-ਸ਼ਕਤੀ ਅਤੇ ਨਿਰੋਲ ਪ੍ਰੇਰਨਾ ਹੀ ਕਿਸੇ ਵਿਅਕਤੀ ਨੂੰ ਆਪਣਾ ਟੀਚਾ ਹਾਸਲ ਕਰਨ ਵਿੱਚ ਸਹਾਇਤਾ ਕਰਦੇ ਹਨ। ਆਪਣੀ ਜਿ਼ੰਦਗੀ ਵਿੱਚ ਕੀਤੀ ਤਰੱਕੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਰਸਮੀ ਸਿੱਖਿਆ ਲਈ ਸਕੂਲ ਜਾਣ ਦਾ ਕਦੇ ਮੌਕਾ ਨਹੀਂ ਮਿਲਿਆ ਪਰੰਤੂ ਉਨ੍ਹਾਂ ਦੀ ਮਿਹਨਤ ਨਾਲ ਕਮਾਈ ਹੋਈ ਪ੍ਰਤਿਭਾ ਦੇ ਕਾਰਨ ਉਹ ਯੂਨੀਵਰਸਿਟੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਨ ਭਾਵੇਂ ਉਨ੍ਹਾਂ ਗਾਇਕੀ ਨੂੰ ਕਮਾਉਣ ਦੇ ਸਰੋਤ ਦੇ ਰੂਪ ਵਿੱਚ ਚੁਣਿਆ ਪਰੰਤੂ ਬਾਅਦ ਵਿੱਚ ਇਹ ਉਨ੍ਹਾਂ ਲਈ ਇੱਕ ਜਨੂੰਨ ਬਣ ਗਿਆ।
ਵਾਈਸ-ਚਾਂਸਲਰ ਡਾ. ਘੁੰਮਣ ਨੇ ਇੱਕ ਸਕੂਲੀ ਬੱਚੇ ਅਤੇ ਕਾਲਜ ਦੇ ਵਿਦਿਆਰਥੀ ਦੇ ਤੌਰ ਤੇ ਮੁਹੰਮਦ ਸਦੀਕ ਦੀ ਗਾਇਕੀ ਨਾਲ ਜੁੜੀਆਂ ਸਿ਼ੱਦਤਾ ਭਰੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨਾਂ ਕਿਹਾ ਕਿ ਸਦੀਕ ਆਮ ਜਨਤਾ ਵਿਸ਼ੇਸ਼ ਤੌਰ ਤੇ ਪਿੰਡਾਂ ਦੇ ਲੋਕਾਂ ਦੀ ਜਿੰਦ-ਜਾਨ ਸਨ। ਡਾ. ਘੁੰਮਣ ਨੇ ਆਮ ਵਿਸ਼ਵਾਸ ਦੇ ਉਲਟ ਇਕੋ ਵੇਲੇ ਵਿਦਿਆਰਥੀਆਂ ਨੂੰ ਖੇਡਾਂ, ਕਲਾ ਅਤੇ ਸਿੱਖਿਆ ਵਿੱਚ ਪ੍ਰਾਪਤੀਆਂ ਕਰਨ ਵਾਲੇ ਬਹੁ-ਪ੍ਰਤਿਭਾਵਾਨ ਬਣਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਸੰਪੂਰਨ ਅਤੇ ਸੰਤੁਲਿਤ ਸ਼ਖ਼ਸੀਅਤਾਂ ਬਣ ਸਕਣ।
ਇਸ ਮੌਕੇ ਤੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ; ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ; ਡੀਨ ਰਿਸਰਚ ਡਾ. ਜੀ.ਐਸ. ਬੱਤਰਾ ਅਤੇ ਡੀਨ ਵਿਦਿਆਰਥੀ ਭਲਾਈ ਡਾ. ਕੁਲਬੀਰ ਸਿੰਘ ਢਿਲੋਂ ਵੀ ਮੌਜੂਦ ਸਨ।