ਪਟਿਆਲਾ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਮੀਟਿੰਗ ਦਾ ਦ੍ਰਿਸ਼।
ਜੀ ਐਸ ਪੰਨੂ
ਪਟਿਆਲਾ, 24 ਅਕਤੂਬਰ, 2017 : ਪਟਿਆਲਾ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਅਤੇ ਪਟਿਆਲਾ ਪ੍ਰਧਾਨ ਸੰਜੀਵ ਕੁਮਾਰ ਗੋਇਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ ਮੰਡੀਆਂ ਵਿਚ ਜੀਰੀ ਜਿਸ ਦੀ ਨਮੀ 22 ਫੀਸਦੀ ਜਾਂ ਤੋਂ ਜ਼ਿਆਦਾ ਹੈ ਇਸਨੂੰ ਸ਼ੈਲਰ ਮਾਲਕ ਬਿਲਕੁੱਲ ਵੀ ਨਹੀਂ ਚੁੱਕਣਗੇ। ਐਸੋਸੀਏਸ਼ਨ ਇਸਦਾ ਵਿਰੋਧ ਤੇ ਨਿੰਦਾ ਕਰਦੀ ਹੈ । ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਮਾਪਦੰਡਾਂ ਅਨੁਸਾਰ ਜੀਰੀ ਨਹੀਂ ਭਰੀ ਜਾਂਦੀ ਤਾਂ ਐਸੋਸੀਏਸ਼ਨ ਵਲੋਂ ਪਟਿਆਲਾ ਜ਼ਿਲਾ ਦੀਆਂ ਸਾਰੀਆਂ ਮੰਡੀਆਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਸੈਲਰਾਂ ਵਿਚ ਜੀਰੀ ਸਟੋਰ ਨਹੀਂ ਕਰਵਾਈ ਜਾਵੇਗੀ। ਮੀਟਿੰਗ ਵਿਚ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਛੇਤੀ ਹੀ ਦਖਲ ਦੇ ਕੇਸਰਕਾਰ ਦੀਆਂ ਨੀਤੀਆਂ ਅਨੁਸਾਰ ਪੂਰੀ ਗੁਣਵੱਤਾ ਅਤੇ ਮਾਪਦੰਡਾਂ ਅਨੁਸਾਰ ਜੀਰੀ ਦੀ ਖਰੀਦ ਕਰਵਾਈ ਜਾਵੇ ਤਾਂ ਜੋ ਘਾਟੇ ਵਿਚ ਚੱਲ ਰਹੇ ਸ਼ੈਲਰ ਉਦਯੋਗ ਨੂੰ ਹੋਰ ਘਾਟਾ ਨਾ ਝੱਲਣਾ ਪਵੇ।
ਐਸੋ. ਦੇ ਮੈਂਬਰਾਂ ਨੇ ਦੋ ਦਿਨਾਂ ਲਈ ਜੀਰੀ ਦੀ ਲਿਫਟਿੰਗ ਦਾ ਵੀ ਬਾਈਕਾਟ ਕਰਨ ਦਾ ਫੈਸਲਾ ਲਿਆ। ਜੇਕਰ ਜੀਰੀ ਦੀ ਗੁਣਵੱਤਾ ਫੇਰ ਵੀ ਨਹੀਂ ਸੁਧਰੀ ਤਾਂ ਇਹ ਬਾਈਕਾਟ ਅੱਗੇ ਵੀ ਜਾਰੀ ਰਹੇਗਾ। ਇਸ ਮੀਟਿੰਗ ਵਿਚ ਜਨਰਲ ਸਕੱਤਰ ਦਿਲਬਾਗ ਸਿੰਘ, ਜਸਵਿੰਦਰ ਸਿੰਘ ਰਾਣਾ, ਅਨਿਲ ਗੋਇਲ, ਨਰੇਸ਼ ਸਨੌਰ, ਦਵਿੰਦਰ ਸਿੰਘ, ਅਮਰਜੀਤ ਸਿੰਘ, ਸਤਵਿੰਦਰ ਸੈਣੀ, ਅਸ਼ੋਕ ਮੋਢੀ, ਜਤਿੰਦਰ ਟੀਨੂੰ, ਸੁਭਾਸ਼ ਬਾਂਸਲ, ਧੀਰਜ ਗਰਗ ਤੋਂ ਇਲਾਵਾ ਸਾਰੇ ਮੈਂਬਰ ਮੌਜੂਦ ਸਨ।