ਵਿਜੇਪਾਲ ਬਰਾੜ
ਚੰਡੀਗੜ੍ਹ, 23 ਅਕਤੂਬਰ, 2017
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਸਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਯੂਥ ਅਕਾਲੀ ਆਗੂ 'ਤੇ ਹਮਲੇ ਸਬੰਧੀ ਸਿਟੀ ਮਲੋਟ ਪੁਲਸ ਨੇ 13 ਵਿਅਕਤੀਆਂ ਤੇ ਜਾਨਲੇਵਾ ਹਮਲੇ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਹੈ ।
ਪਰਮਿੰਦਰ ਸਿੰਘ ਕੋਲਿਆਂਵਾਲੀ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਕਾਂਗਰਸੀ ਆਗੂ ਬਖਸ਼ੀਸ਼ ਸਿੰਘ ਪ੍ਰਧਾਨ ਟਰੱਕ ਯੂਨੀਅਨ ਮਲੋਟ, ਉਸਦੇ ਭਤੀਜੇ ਸ਼ੁੱਭਦੀਪ ਸਿੰਘ ਬਿੱਟੂ, ਭਾਣਜੇ ਮਨਪ੍ਰੀਤ ਸਿੰਘ ਮੰਨ੍ਹਾ ਤੇ ਧਨਜੀਤ ਸਿੰਘ ਤੋਂ ਇਲਾਵਾ 9 ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ ਦੀ ਧਾਰਾ 307, 323, 506, 427, 148, 149, 120 ਬੀ ਅਤੇ ਆਰਮਜ਼ ਐਕਟ ਦੀ ਧਾਰਾ 25, 27 ਦੇ ਤਹਿਤ ਕੇਸ ਦਰਜ਼ ਕੀਤਾ ਹੈ ।
ਪਰਮਿੰਦਰ ਕੋਲਿਆਂਵਾਲੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਉਹ ਐਤਵਾਰ ਕਰੀਬ ਸਾਢੇ ਅੱਠ ਵਜੇ ਰਾਤ ਜਿਮ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਮਨਪ੍ਰੀਤ ਸਿੰਘ ਮੰਨਾ ਅਤੇ ਧਨਜੀਤ ਸਿੰਘ ਧੰਨਾ ਨੇ ਆਪਣੇ 15 ਦੇ ਕਰੀਬ ਅਣਪਛਾਤੇ ਸਾਥੀਆਂ ਨਾਲ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਮਾਰਕੁੱਟ ਕੀਤੀ। ਕੋਲਿਆਂਵਾਲੀ ਮੁਤਾਬਿਕ ਇਹ ਹਮਲਾ ਕਾਂਗਰਸ ਆਗੂ ਬਖਸੀਸ਼ ਸਿੰਘ ਪ੍ਰਧਾਨ ਅਤੇ ਸ਼ੁੱਭਦੀਪ ਬਿੱਟੂ ਨੇ ਇਕ ਸਾਜਿਸ਼ ਤਹਿਤ ਉਸ ਤੇ ਕਰਾਇਆ ਹੈ। ਫਿਲਹਾਲ ਿੲਸ ਮਾਮਲੇ ਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਮਾਮਲਾ ਮੁਕਤਸਰ ਜਿਲ੍ਹੇ ਵਿੱਚ ਸਿਆਸੀ ਰੰਗਤ ਲੈ ਚੁੱਕਿਆ ਹੈ ।