← ਪਿਛੇ ਪਰਤੋ
ਜਲੰਧਰ/ਚੰਡੀਗੜ੍ਹ, 23 ਅਕਤੂਬਰ, 2017 : ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਵਲੋਂ ਅੱਜ ਜਲੰਧਰ ਜ਼ਿਲ੍ਹੇ ਵਿੱਚ ਤਾਇਨਾਤ 2 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਅਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ। ਪੁਲਿਸ ਅਕੈਡਮੀ ਫਿਲੌਰ ਵਿਖੇ ਹੋਏ ਸਮਾਗਮ ਦੌਰਾਨ ਜਲੰਧਰ ਵਿੱਚ ਤਾਇਨਾਤ ਡਿਪਟੀ ਕਮਿਸ਼ਨਰ ਪੁਲਿਸ ਰਜਿੰਦਰ ਸਿੰਘ ਅਤੇ ਜਲੰਧਰ ਦਿਹਾਤੀ ਦੇ ਐਸ.ਐਸ.ਪੀ.ਗੁਰਪ੍ਰੀਤ ਸਿੰਘ ਭੁੱਲਰ ਨੂੰ ਰਾਜਪਾਲ ਵਲੋਂ ਸਨਮਾਨਿਤ ਕੀਤਾ ਗਿਆ। ਰਜਿੰਦਰ ਸਿੰਘ ਨੂੰ ਬਹਾਦਰੀ ਲਈ ਪੁਲਿਸ ਮੈਡਲ ਅਤੇ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸ਼ਾਨਦਾਰ ਸੇਵਾਵਾਂ ਲਈ ਐਸ.ਐਸ.ਪੀ.ਗੁਰਪ੍ਰੀਤ ਸਿੰਘ ਭੁੱਲਰ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ ਰਾਜਪਾਲ ਪੰਜਾਬ ਵਲੋਂ ਜਿਥੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਗਿਆ ਉਥੇ ਹੀ ਬਹਾਦਰੀ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
Total Responses : 936