ਫਾਜ਼ਿਲਕਾ, 21 ਅਕਤੂਬਰ, 2017 : ਪੰਜਾਬ ਸਰਕਾਰ ਵਲੋਂ ਸੂਬੇ ਦੇ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕਰਕੇ ਇਹਨਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ, ਸੇਵਾ ਨਿਭਾਅ ਰਹੇ ਅਧਿਆਪਕਾਂ ਅਤੇ ਮਿਡ-ਡੇ-ਮੀਲ ਵਰਕਰਾਂ ਸਮੇਤ ਪੂਰੇ ਸਿੱਖਿਆ ਤੰਤਰ ਨਾਲ ਧੱਕਾ ਕੀਤਾ ਹੈ, ਸਰਕਾਰ ਦੇ ਇਸ ਨਾਦਰਸ਼ਾਹੀ ਤੇ ਤੁਗ਼ਲਕੀ ਫਰਮਾਨ ਦਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ।
ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਫਾਜ਼ਿਲਕਾ ਦੇ ਜਿਲ੍ਹਾ ਪ੍ਰਧਾਨ ਭਗਵੰਤ ਭਠੇਜਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਜ਼ਿਲਾ ਜਨਰਲ ਸਕੱਤਰ ਨਿਸ਼ਾਂਤ ਅੱਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਾਅਵੇ ਤਾਂ ਸਰਕਾਰੀ ਸਿੱਖਿਆ ਨੂੰ ਬਚਾਉਣ ਦੇ ਕੀਤੇ ਜਾ ਰਹੇ ਹਨ ਪਰ ਸਰਕਾਰ ਦੇ ਫੈਸਲੇ ਬਿਲਕੁਲ ਇਸ ਦੇ ਉਲਟ ਹਨ। ਸਰਕਾਰ ਅਸਲ ਵਿੱਚ ਸਰਕਾਰੀ ਸਿੱਖਿਆ ਤੰਤਰ ਨੂੰ ਬਚਾਉਣ ਨਹੀਂ ਸਗੋਂ ਸਰਕਾਰੀ ਸਿੱਖਿਆ ਨੂੰ ਖਤਮ ਕਰਨਾ ਚਾਹੁੰਦੀ ਹੈ, ਜਿਸ ਦੀ ਤਾਜ਼ਾ ਮਿਸਾਲ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਨੇ ਦੇ ਦਿੱਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਰਾਜ ਕੁਮਾਰ ਖਤ੍ਰੀ,ਦਫ਼ਤਰੀ ਸਕੱਤਰ ਰਾਜੀਵ ਚਗਤੀ ਤੇ ਸਮੂਹ ਬਲਾਕ ਪ੍ਰਧਾਨਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਦੇ ਅਧਿਕਾਰੀ ਪ੍ਰੀ - ਪਾ੍ਇਮਰੀ ਜਮਾਤਾਂ 14 ਨਵੰਬਰ ਤੋਂ ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਜੋਰ ਸ਼ੋਰ ਨਾਲ ਵਿਭਾਗ ਲੋਕਾਂ ਨੂੰ ਦੇ ਰਹੇ ਹਨ ਦੂਜੇ ਪਾਸੇ ਸਰਕਾਰ ਸਕੂਲਾਂ ਨੂੰ ਬੰਦ ਕਰਨ ਦੇ ਰਾਹ ਤੇ ਤੁਰ ਪਈ ਹੈ। ਸਿੱਖਿਆ ਮੰਤਰੀ ਪੰਜਾਬ ਦੇ ਆਪਣੇ ਖੁਦ ਦੇ ਜਿਲੇ ਗੁਰਦਾਸਪੁਰ ਦੇ 133 ਪ੍ਰਾਇਮਰੀ ਸਕੂਲ ਬੰਦ ਕਰਨ ਵਾਲੀ ਲਿਸਟ ਵਿੱਚ ਹਨ ਤੇ ਸਿੱਖਿਆ ਮੰਤਰੀ ਜੀ ਕਿਵੇਂ ਪੰਜਾਬ ਦੀ ਜਨਤਾ ਤੇ ਬੁੱਧੀਜੀਵੀ ਵਰਗ ਨੂੰ ਸਰਕਾਰੀ ਸਿੱਖਿਆ ਨੂੰ ਬਚਾਉਣ ਦੇ ਲਾਰੇ ਦੇ ਸਕਣਗੇ, ਇਹ ਆਉਣ ਵਾਲੇ ਸਮੇਂ ਵਿੱਚ ਵੇਖਣ ਵਾਲੀ ਗੱਲ ਹੋਵੇਗੀ। ਸਿੱਖਿਆ ਮੰਤਰੀ ਜੀ ਕਿਸ ਤਰ੍ਹਾਂ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਨੂੰ ਬਚਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਇਸ ਦਾ ਅੰਦਾਜ਼ਾ ਤਾਂ ਇਸੇ ਗੱਲ ਤੋਂ ਲੱਗ ਜਾਂਦਾ ਹੈ ਕਿ ਅੱਧਾ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਵੀ ਨਸੀਬ ਨਹੀਂ ਹੋਇਆ ਤੇ ਪਾ੍ਇਮਰੀ ਸਕੂਲਾਂ ਵਿੱਚ 'ਬਿਨਾਂ ਕੋਈ ਟੀਚਿੰਗ ਮਟੀਰੀਅਲ ਦਿੱਤੇ ਪ੍ਰੋਜੈਕਟ ਚੱਲਾ ਕੇ ਸਿੱਖਿਆ ਦਾ ਬੇੜਾਗਰਕ' ਕਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਬਾੜ ਕੰਪਿਊਟਰਾਂ ਨਾਲ ਪਾ੍ਇਮਰੀ ਸਕੂਲਾਂ ਦੀ ਸਿੱਖਿਆ ਦਾ ਆਧੁਨੀਕੀਰਨ ਕਰਨਾ ਵੀ ਮੰਤਰੀ ਜੀ ਦੀ ਮਹਾਨ 'ਉਪਲੱਬਧੀ' ਹੀ ਕਹੀ ਜਾ ਸਕਦੀ ਹੈ। ਇਹਨਾਂ 800 ਸਕੂਲਾਂ ਵਿੱਚ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰਾਂ ਤੋਂ ਉਨ੍ਹਾਂ ਦਾ ਰੋਜ਼ਗਾਰ ਖੋਹਣਾ ਸਰਾਸਰ ਗਲਤ ਹੈ।
ਪੰਜਾਬ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਦਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ ਤੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਿੱਖਿਆ ਤੰਤਰ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤਾਂ ਜੋ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਵਿਭਾਗ ਦੇ ਮੰਤਰੀ ਨੂੰ ਇਸ ਫੈਸਲੇ ਨੂੰ ਮੁੜ ਵਿਚਾਰਨ ਲਈ ਮਜਬੂਰ ਹੋਣਾ ਪਵੇ।ਸਰਕਾਰ ਦੇ ਇਸ ਫੈਸਲੇ ਵਿਰੁੱਧ ਗੌਰਮਿੰਟ ਟੀਚਰ ਯੂਨੀਅਨ ਵਲੋਂ ਪੂਰੇ ਪੰਜਾਬ ਵਿਚ ਸਰਕਾਰ ਦੀ ਅਰਥੀਆਂ ਫੂਕੀਆਂ ਜਾਣਗੀਆਂ।
ਇਸ ਮੌਕੇ ਜਿਲ੍ਹਾ ਆਗੂ ਰਜਨੀਸ਼ ਕੁਮਾਰ,ਅਰੁਣ ਗੁਪਤਾ,ਓਮ ਪ੍ਰਕਾਸ਼ ਲਾਲੋਵਾਲੀ,ਸੁਸ਼ੀਲ ਕੁਮਾਰ,ਕ੍ਰਿਸ਼ਨ ਕੁਮਾਰ,ਸੁਧੀਰ ਕਾਲੜਾ,ਮੋਹਿੰਦਰ ਜਾਜੋਰਿਆ,ਕੁਲਬੀਰ ਸਿੰਘ,ਬਲਾਕ ਪ੍ਰਧਾਨ ਅਮਨਦੀਪ ਸਿੰਘ,ਰਿਸ਼ੂ ਸੇਠੀ, ਧਰਮਿੰਦਰ ਗੁਪਤਾ,ਪਰਮਜੀਤ ਸਿੰਘ ਸ਼ੇਰੇ ਵਾਲਾ,ਹਰਭਜਨ ਸਿੰਘ,ਵਿਨੈ ਕੁਮਾਰ,ਕੁਲਬੀਰ ਸਿੰਘ,ਵਰਿੰਦਰ ਸਿੰਘ ਮਿੱਤਲ,ਓਮ ਪ੍ਰਕਾਸ਼ ਬੰਨਾਵਾਲੀ,ਸੰਜੀਵ ਕੁਮਾਰ,ਸੌਰਵ ਧੂੜੀਆ,ਸਾਹਿਲ ਬਾਂਸਲ,ਦੀਪਕ ਮਿੱਤਲ,ਸੰਦੀਪ ਪੀਟਰਸਨ,ਨੀਰਜ ਖੰਨਾ ਆਦਿ ਹਾਜ਼ਰ ਸਨ।