ਲੁਧਿਆਣਾ-ਚੰਡੀਗੜ੍ਹ ਰੋਡ ਤੇ ਪਿੰਡ ਚੱਕ ਸਰਵਣ ਨਾਥ ਦੇ ਨੇੜੇ ਦੁਰਘਟਨਾਂ ਵਿੱਚ ਨਸ਼ਟ ਹੋਈ ਕਾਰ ਦੇਖਦੇ ਹੋਏ ਪੁਲਿਸ ਮੁਲਾਜ਼ਮ।
ਲੁਧਿਆਣਾ, 21 ਅਕਤੂਬਰ, 2017 : ਲੁਧਿਆਣਾ-ਚੰਡੀਗੜ੍ਹ ਰੋਡ ਤੇ ਪਿੰਡ ਚੱਕ ਸਰਵਣ ਨਾਥ ਦੇ ਕੋਲ ਇਕ ਦਰਦਨਾਕ ਹਾਦਸੇ ਵਿੱਚ ੩ ਮੌਤਾਂ ਅਤੇ ੨ ਵਿਆਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਸ ਵਿੱਚ ਪਤੀ, ਪਤਨੀ ਤੇ ਉਹਨਾਂ ਦੀ ਇਕ ਬੇ ਟੀ ਦੀ ਮੌਤ ਹੋ ਗਈ, ਤੇ ਉਨ੍ਹਾਂ ਦੇ ੨ ਪੁੱਤਰ ਜ਼ਖਮੀ ਹੋ ਗਏ । ਸੁਚਨਾਂ ਮਿਲਦੇ ਸਾਰ ਹੀ ਪੁਲਿਸ ਚੌਕੀ ਕਟਾਣੀ ਕਲਾਂ ਦੇ ਇੰਚਾਰਜ ਪਰਮਜੀਤ ਸਿੰਘ, ਜਸਵੀਰ ਸਿੰਂਘ, ਸੁਖਦੇਵ ਸਿੰਘ ਅਤੇ ਗੁਰਨਾਮ ਸਿੰਘ ਮੌਕੇ ਤੇ ਪੁੱਜ ਗਏ। ਉਹਨਾਂ ਨੇ ਜ਼ਖਮੀ ਵਿਆਕਤੀਆਂ ਨੂੰ ਕਾਰ ਦੀਆਂ ਟਾਕੀਆਂ ਤੋੜ ਕੇ ਕਾਰ ਵਿਚੋਂ ਕੱਢਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਗੁਰਜਿੰਦਰ ਸਿੰਘ (੪੨) ਪੁੱਤਰ ਰਾਮ ਸਿੰਘ ਵਾਸੀ ਸੀਲੋਂ ਕਲਾਂ ਆਪਣੀ ਕਾਰ ਵਿੱਚ ਆਪਣੀ ਪਤਨੀ ਅਨੁਰਾਧਾ ( ੪੦) ਧੀ ਲਵਪ੍ਰੀਤ (੧੬) ਅਤੇ ਦੋ ਪੁੱਤਰਾਂ ਮਨਪ੍ਰੀਤ ਸਿੰਘ (੧੪)ਅਤੇ ਓਂਕਾਰ ਸਿੰਘ (੭) ਨਾਲ ਸਵਾਰ ਹੋ ਕੇ ਕੁਹਾੜਾ ਵਾਲੇ ਪਾਸੇ ਦੀ ਹੋ ਕੇ ਸਮਰਾਲਾ ਨੂੰ ਜਾ ਰਹੇ ਸਨ।ਜ਼ਿਕਰਯੋਗ ਹੈ ਕਿ ਅਨੁਰਾਧਾ ਨੇ ਸਮਰਾਲਾ ਪੁੱਜ ਕੇ ਆਪਣੇ ਭਰਾ ਨੂੰ ਟਿੱਕਾ ਲਗਾ ਕੇ ਭਾਈ ਦੁਜ ਦਾ ਤਿਓਹਾਰ ਮਨਾਉਣਾ ਸੀ, ਪਰ ਇਹ ਸਭ ਮੌਤ ਨੂੰ ਮਨਜੂਰ ਨਹੀਂ ਸੀ। ਉਹਨਾਂ ਦੀ ਕਾਰ ਦੀ ਸਾਹਮਣੇ ਤੋਂ ਆਉਂਦੀ ਤੇਜ ਰਫਤਾਰ ਪੀ. ਆਰ .ਟੀ .ਸੀ ਫਰੀਦਕੋਟ ਡੀਪੂ ਦੀ ਬੱਸ ਨਾਲ ਸਿੱਧੀ ਟੱਕਰ ਹੋ ਗਈ। ਪੁਲਿਸ ਵਲੋਂ ਐਂਬੂਲੈਂਸ ਰਾਹੀਂ ਜਖਮੀਆਂ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਕਿ ਗੁਰਜਿੰਦਰ ਸਿੰਘ ਅਤੇ ਉਸਦੀ ਪਤਨੀ ਅਨੁਰਾਧਾ ਰਸਤੇ ਵਿੱਚ ਹੀ ਦਮ ਤੋੜ ਗਏ, ਉਹਨਾਂ ਦੀ ਬੇਟੀ ਲਵਪ੍ਰੀਤ ਹਸਪਤਾਲ ਵਿੱਚ ਦਾਖਲ ਰਹਿਣ ਮਗਰੋਂ ਦਮ ਤੋੜ ਗਈ। ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਵੱਲੋਂ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਐਕਸੀਡੈਂਟ ਸਬੰਧੀ ਮੁਕੱਦਮਾ ਦਰਜ ਲਿਆ ਹੈ, ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।