← ਪਿਛੇ ਪਰਤੋ
ਪਟਿਆਲਾ/ਸਨੌਰ, 20 ਅਕਤੂਬਰ, 2017 : ਪ੍ਰਸਿੱਧ ਸਮਾਜ ਸੇਵੀ ਸੰਸਥਾਂ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਸੰਸਥਾਪਕ ਸੰਤ ਬਾਬਾ ਮੋਹਣ ਸਿੰਘ ਜੀ ਦਾ 23ਵਾਂ ਯਾਦਗਾਰੀ ਸਪਤਾਹ ਸਨੌਰ ਰੋਡ ਪਟਿਆਲਾ ਵਿਖੇ ਬੜੀ ਧੂਮਧਾਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੜੀਵਾਰ ਸ਼ੁਰੂ ਕੀਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਤੋਂ ਉਪਰੰਤ ਗੁਰਬਾਣੀ ਕੀਰਤਨੀ ਜਥਿਆਂ ਦੁਆਰਾ ਸਾਰਥਕ ਭਾਵ ਭੀਨੀ ਗੁਰਬਾਣੀ ਤੇ ਢਾਡੀ ਜਥਿਆ ਦੁਆਰਾ ਸਿੱਖ ਇਤਿਹਾਸ ਤੇ ਸੰਤ ਬਾਬਾ ਮੋਹਣ ਸਿੰਘ ਨਾਲ ਸਬੰਧਿਤ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪੰਜਾਬ ਤੋਂ ਵੱਖ ਵੱਖ ਸਥਾਨਾਂ ਤੋਂ ਆਈਆਂ ਟੀਮਾਂ ਦੇ ਗੁਰਬਾਣੀ ਕੰਠ ਮੁਕਾਬਲੇ ਗੁਰਬਾਣੀ ਸੰਗੀਤ ਮੁਕਾਬਲੇ ਦਸਤਾਰਬੰਦੀ ਮੁਕਾਬਲੇ ਤੇ ਗਤਕਾ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰ ਸਾਲ ਵਿਸ਼ੇਸ਼ ਤੌਰ ਤੇ ਦਿੱਤਾ ਜਾਂਦਾ ਸੰਤ ਬਾਬਾ ਮੋਹਣ ਸਿੰਘ ਮੈਮੋਰਿਅਲ ਸਮਾਜ ਸੇਵੀ ਸੰਤ ਰਤਨ ਰਾਸ਼ਟਰੀ ਐਵਾਰਡ ਸੰਸਥਾਪਕ ਗੁਰੂ ਨਾਨਕ ਸਾਹਿਬ ਨਿਰਵੈਰ ਆਸ਼ਰਮ ਮਲੇਸ਼ੀਆ ਦੇ ਸੰਤ ਜੋਗਿੰਦਰ ਸਿੰਘ ਮਲੇਸ਼ੀਆਂ ਵਾਲਿਆਂ ਨੂੰ ਦਿੱਤਾ ਗਿਆ ਜੋ ਵਿਸ਼ੇਸ਼ ਤੌਰ ਤੇ ਲੈਣ ਦੇ ਲਈ ਇੱਕ ਦਿਨ ਪਹਿਲਾਂ ਹੀ ਭਾਰਤ ਪੁੱਜੇ। ਸੰਤ ਬਾਬਾ ਬਲਬੀਰ ਸਿੰਘ ਮੁਖੀ ਪਿੰਗਲਾ ਆਸ਼ਰਮ ਸਨੌਰ ਨੇ ਉਨ੍ਹਾਂ ਨੂੰ ਸਨਮਾਨਿਤ ਕਰਦਿਆ ਕਿਹਾ ਕਿ ਸੰਤ ਜੋਗਿੰਦਰ ਸਿੰਘ ਜੀ ਗੁਰੂ ਨਾਨਕ ਪੰਥ ਤੇ ਚੱਲਣ ਵਾਲੇ ਉਨ੍ਹਾਂ ਰਾਹੀਆਂ ਦੇ ਰਹਿਬਰ ਹਨ ਜੋ ਸਿੱਖ ਪੰਥ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਦੇ ਮੱਤ ਦਾ ਪ੍ਰਚਾਰ ਕਰਨ ਦੇ ਲਈ ਵਿਦੇਸ਼ ਜਾਂਦੇ ਹਨ। ਇਸ ਮੌਕੇ ਤੇ ਸੰਤ ਜੋਗਿੰਦਰ ਸਿੰਘ ਮਲੇਸ਼ੀਆਂ ਵਾਲਿਆਂ ਨੇ ਪਿੰਗਲਾ ਆਸ਼ਰਮ ਦੀਆਂ ਸੇਵਾਵਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ਦਾ ਅਮਲ ਕਰਾਰ ਦਿੰਦਿਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਗਤ ਨੂੰ ਅਪੀਲ ਕਰਦਿਆ ਕਿਹਾ ਕਿ ਹਰ ਉਹ ਸੇਵਾ ਧੰਨ ਹੈ ਜੋ ਸ਼੍ਰਿਸ਼ਟੀਕਰਤਾ ਦੁਆਰਾ ਰਚਿਤ ਜੀਵਾਂ ਨੂੰ ਸਹਿਜ ਜੀਵਨ ਬਤੀਤ ਕਰਨ ਚ ਸਹਾਇਤਾ ਕਰਦੀ ਅਤੇ ਅਨੰਦ ਦਾ ਅਹਿਸਾਸ ਕਰਵਾਉਂਦੀ ਹੈ ਇਸ ਲਈ ਮਾਨਵਤਾ ਦੀ ਇਸ ਸੇਵਾ ਚ ਸਾਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਪਿੰਗਲਾ ਆਸ਼ਰਮ ਦੇ ਮੁਖੀ ਸੰਤ ਬਲਬੀਰ ਸਿੰਘ ਇਸ ਨੂੰ ਸੁਚਾਰੂ ਤੇ ਸਚੱਜੇ ਢੰਗ ਨਾਲ ਸੰਚਾਲਿਤ ਕਰ ਸਕਣ। ਉਹਨਾਂ ਪਿੰਗਲਾ ਆਸ਼ਰਮ ਦੁਆਰਾ ਨਿਭਾਈ ਜਾਂਦੀ ਸੇਵਾ ਨੂੰ ਗੁਰਬਾਣੀ ਦੇ ਮਹਾਂਵਾਕ ਅਨੁਸਾਰ "ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥੧॥ " ਵਿਆਖਾਨ ਕਰਦਿਆਂ ਧੰਨ ਸੇਵਾ ਤੇ ਧੰਨ ਸੇਵਾ ਕਰਨ ਵਾਲੇ ਹੱਥ ਆਖਿਆ। ਹਰ ਸਾਲ ਦੀ ਤਰਾਂ ਇਸ ਵਾਰ ਵੀ 11 ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ ਤੇ ਉਹਨਾਂ ਨੂੰ ਘਰ ਦੀ ਜਰੂਰਤ ਦਾ ਸਮਾਨ ਦਿੱਤਾ ਗਿਆ। ਅਨੰਦ ਕਾਰਜ ਦੀ ਰਸਮ ਪੰਥ ਪ੍ਰਸਿੱਧ ਅੰਤਰਰਾਸ਼ਟਰੀ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਦੁਆਰਾ ਨਿਭਾਈ ਗਈ ਅਤੇ ਪੱਲਾ ਫੜਾਉਣ ਦੀ ਰਸਮ ਸੰਤ ਜੋਗਿੰਦਰ ਸਿੰਘ ਸੰਸਥਾਪਕ ਗੁਰੂ ਨਾਨਕ ਸਾਹਿਬ ਨਿਰਵੈਰ ਆਸ਼ਰਮ ਮਲੇਸ਼ੀਆ ਵਾਲਿਆਂ ਦੁਆਰਾ ਨਿਭਾ ਕੇ ਨਵਵਿਵਹਿਤ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਸੰਤ ਪ੍ਰੀਤਮ ਸਿੰਘ ਰਾਜਪੁਰੇ ਵਾਲੇ ਬਾਬਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਪੰਥ ਪ੍ਰਸਿੱਧ ਅੰਤਰਰਾਸ਼ਟਰੀ ਕੀਰਤਨੀ ਭਾਈ ਜੋਗਿੰਦਰ ਸਿੰਘ ਰਿਆੜ ਪ੍ਰਿੰਸੀਪਲ ਕਮਿਸ਼ਨਰ ਇੰਨਕਮ ਟੈਕਸ ਪਟਿਆਲਾ ਜਗਤਾਰ ਸਿੰਘ ਹਾਊਸਫੈੱਡ ਡਾਇਰੈਕਟਰ ਪੰਜਾਬ ਕਰਿਸਨ ਸਿੰਘ ਸਨੌਰ ਸਾਬਕਾ ਹੈੱਡ ਗ੍ਰੰਥੀ ਦੁਖਨਿਵਾਰਨ ਸਾਹਿਬ ਭਾਈ ਸੁਖਦੇਵ ਸਿੰਘ ਖਾਲਸਾ ਬਾਬਾ ਮਾਧੋ ਸਿੰਘ ਬੀਬੀ ਗਗਨਦੀਪ ਕੌਰ ਜਗਦੇਵ ਸਿੰਘ ਖਾਲਸਾ ਜਥੇਦਾਰ ਉਮਰਾਓ ਸਿੰਘ ਤਲਵਾੜਾ ਵਿਨੋਦ ਸਿੰਘ ਨਗਰ ਕੌਂਸਲ ਸਨੌਰ ਪ੍ਰਧਾਨ ਇੰਦਰ ਕੁਮਾਰ ਛਿੰਦੀ ਬਾਬਾ ਮਿਹਰਬਾਨ ਸਿੰਘ ਮੈਂਬਰ ਜਿਲ੍ਹਾ ਯੋਜਨਾ ਬੋਰਡ ਹਰਮਿੰਦਰ ਸਿੰਘ ਜੋਗੀਪੁਰ ਕੋਂਸਲਰ ਹਰਜਿੰਦਰ ਹਰੀਕਾ ਕੌ'ਸਲਰ ਵੀਨਾ ਦੇਵੀ ਤੇ ਬਿੱਟੂ ਸੰਘਰ ਕੌਂਸਲਰ ਭਾਰਤ ਗੋਇਲ ਸੁਪਰਡੈਂਟ ਪੰਜਾਬ ਪੁਲਿਸ ਮਨਜੀਤ ਸਿੰਘ ਬਰਾੜ ਨੇ ਵਿਸ਼ੇਸ ਤੌਰ ਤੇ ਪੁੱਜ ਕੇ ਸਹਿਯੋਗ ਦਿੱਤਾ।
Total Responses : 936