ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਸੰਤ ਬਲਜਿੰਦਰ ਸਿੰਘ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਦੇ ਹੋਏ ਅਤੇ ਸੰਗਤਾਂ ਗੁਰਬਾਣੀ ਸਰਵਣ ਕਰਦੀਆਂ ਹੋਈਆਂ।
ਪਟਿਆਲਾ, 10 ਅਕਤੂਬਰ, 2017 : ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਸੰਤ ਈਸ਼ਰ ਸਿੰਘ, ਸੰਤ ਕਿਸ਼ਨ ਸਿੰਘ ਤੇ ਸੰਤ ਤੇਜਾ ਸਿੰਘ ਦੀ ਯਾਦ 'ਚ ਇਥੇ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ 7 ਰੋਜਾ ਧਾਰਮਿਕ ਦੀਵਾਨ ਸਜਾਏ ਗਏ। ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਨੇ ਰੋਜ਼ਾਨਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਜਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਅਤੇ ਸਾਧਸੰਗਤ ਦੀ ਮਹਾਨਤਾ ਬਿਆਨ ਕੀਤੀ। ਦੀਵਾਨਾਂ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਸਿੱਖ ਪੰਥ 'ਚ ਦੁਫੇੜ ਪੈਦਾ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਲਈ ਆਖਦਿਆਂ ਸਾਵਧਾਨ ਵੀ ਕੀਤਾ ਤੇ ਕਿਹਾ ਕਿ ਸਿੱਖ ਸੰਗਤ ਦੁਬਿਧਾ 'ਚ ਪੈਣ ਦੀ ਥਾਂ ਗੁਰਬਾਣੀ ਦੇ ਲੜ ਲੱਗੇ।
ਸੰਤ ਬਲਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਹਰ ਮਨੁੱਖ ਅਪਣੇ ਅੰਤਰ ਝਾਤੀ ਮਾਰੇ ਤੇ ਆਤਮ ਚਿੰਤਨ ਕਰੇ ਤਾਂ ਮਨੁੱਖ ਪ੍ਰੇਸ਼ਾਨੀਆਂ ਤੋਂ ਦੂਰ ਰਹਿ ਸਕਦਾ ਹੈ। ਇਨ੍ਹਾਂ ਦੀਵਾਨਾਂ ਦੌਰਾਨ ਸੰਤ ਬਾਬਾ ਕਸ਼ਮੀਰਾ ਸਿੰਘ ਅਲੌਹਰਾ ਸਾਹਿਬ, ਬਾਬਾ ਰਣਜੀਤ ਸਿੰਘ ਢੀਂਗੀ, ਬਾਬਾ ਰੌਸ਼ਨ ਸਿੰਘ ਸੰਤ ਆਸ਼ਰਮ ਧਭਲਾਨ ਵਾਲੇ, ਬਾਬਾ ਗੁਰਮੁੱਖ ਸਿੰਘ ਆਲੋਵਾਲ ਵਾਲੇ, ਬਾਬਾ ਰਣਜੀਤ ਸਿੰਘ ਬਾਵਾ ਧਭਲਾਨ, ਬਾਬਾ ਮੋਹਨ ਸਿੰਘ ਮੁਕੰਦਪੁਰ, ਬਾਬਾ ਨਾਮਦੇਵ ਸਿੰਘ ਘੱਗਾ ਵਾਲੇ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ ਤੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸਟੇਜ ਸਕੱਤਰ ਦੀ ਕਾਰਵਾਈ ਰਾੜਾ ਸਾਹਿਬ ਟਰੱਸਟ ਦੇ ਸਕੱਤਰ ਸ. ਰਣਧੀਰ ਸਿੰਘ ਢੀਂਡਸਾ ਅਤੇ ਡਾ. ਦਰਸ਼ਨ ਸਿੰਘ ਘੁੰਮਣ ਨੇ ਚਲਾਈ। ਸੰਗਤਾਂ ਲਈ ਗੁਰੂ ਦੇ ਲੰਗਰ ਅਤੁਟ ਵਰਤਾਏ ਗਏ।
ਗੁਰਦੁਆਰਾ ਸਿੰਘ ਸਭਾ ਮਾਲ ਰੋਡ ਦੇ ਪ੍ਰਧਾਨ ਹਰਮਿੰਦਰ ਸਿੰਘ, ਸਕੱਤਰ ਬਰਜਿੰਦਰ ਸਿੰਘ, ਗੁਰਦੁਆਰਾ ਐਮ.ਈ.ਐਸ. ਨੇੜੇ ਮੋਦੀ ਕਾਲਜ ਦੀ ਨਿਸ਼ਕਾਮ ਸੇਵਾ ਸੁਸਾਇਟੀ ਦੇ ਅਹੁਦੇਦਾਰ ਭਾਈ ਸੁਖੀ, ਦਵਿੰਦਰ ਸਿੰਘ ਭੋਲਾ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਇੰਦਰਮੋਹਨ ਸਿੰਘ ਬਜਾਜ, ਐਸ.ਪੀ. ਵਿਜੀਲੈਂਸ ਪ੍ਰਿਤਪਾਲ ਸਿੰਘ, ਐਨ.ਪੀ.ਐਸ. ਵਾਲੀਆ ਸਮੇਤ ਵੱਡੀ ਗਿਣਤੀ ਸੰਗਤਾਂ ਹਾਜਰ ਸਨ।