ਗੋ ਗ੍ਰੀਨ ਚੈਰੀਟੇਬਲ ਟਰੱਸਟ ਦੇ ਮੈਂਬਰ ਤੇ ਇਲਾਕੇ ਨਿਵਾਸੀ ਜਾਣਕਾਰੀ ਦਿੰਦੇ ਹੋਏ।
ਜੀ ਐੱਸ ਪੰਨੂ
ਪਟਿਆਲਾ, 8 ਅਕਤੂਬਰ 2017 - ਪੁਰਾਣੇ ਸ਼ਹਿਰ ਦੇ ਇਤਹਾਸਿਕ ਇਕਮਾਤਰ ਮਾਸਟਰ ਤਾਰਾ ਸਿੰਘ ਪਾਰਕ ਨੂੰ ਲੋਕਾਂ ਵਲੋਂ ਲੱਖਾਂ ਰੁਪਏ ਖਰਚ ਕਰਕੇ ਡਿਵੈਲਪ ਕੀਤੇ ਗਏ ਇਸ ਪਾਰਕ ਨੂੰ ਉਜਾੜਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਕਾਰਨ ਅਨਾਰਦਾਨਾ ਚੌਕ ਇਲਾਕੇ ਦੇ ਲੋਕ ਜਾਤ ਧਰਮ ਤੋਂ ਉਪਰ ਉਠ ਕੇ ਇਸ ਕਾਰਵਾਈ ਦੇ ਖਿਲਾਫ ਖੜੇ ਹੋ ਗਏ ਹਨ। ਭੜਕੇ ਲੋਕਾਂ ਨੇ ਪਾਰਕ ਨੂੰ ਉਜਾੜਨ ਦੀ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ ਜਦੋ ਅਕਾਲੀ ਦਲ ਦੇ ਸਾਬਕਾ ਕੌਂਸਲਰ ਕੰਵਲਜੀਤ ਸਿੰਘ ਗੋਨਾ ਇਸ ਪਾਰਕ ਨੂੰ ਉਜਾੜਨ ਲੱਗ ਪਿਆ ਹੈ ਅਤੇ ਇਸ ਪਾਰਕ ਦੇ ਕਮਰੇ'ਤੇ ਕਬਜ਼ਾ ਕਰ ਲਿਆ ਹੈ। ਗੋਨਾ ਦਾ ਕਹਿਣਾ ਹੈ ਕਿ ਇਥੇ ਤਿੰਨ ਰੋਜ਼ਾ ਧਾਰਮਿਕ ਪ੍ਰੋਗਰਾਮ ਹੋਣ ਜਾ ਰਿਹਾ ਹੈ, ਜਿਸ ਲਈ ਇਸ ਪਾਰਕ ਨੂੰ ਵਰਤਿਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਧਾਰਮਿਕ ਗੱਲਾਂ ਦੀ ਗੱਲ ਕਰਕੇ ਗੋਨਾ ਸ਼ਹਿਰ ਦੇ ਲੋਕਾਂ ਨੂੰ ਅਤੇ ਪ੍ਰਬੰਧਕਾਂ ਮੂਰਖ ਬਣਾ ਰਿਹਾ ਹੈ ਇਸ ਪਿਛੇ ਅਕਾਲੀ ਪਾਰਟੀ ਦੇ ਪ੍ਰਧਾਨ ਦਾ ਹੱਥ ਵੀ ਜਾਪਦਾ ਹੈ।
ਸਰਕਾਰ ਇਕ ਪਾਸੇ ਪਾਰਕਾਂ ਨੂੰ ਗ੍ਰੀਨ ਰੱਖਣ ਦਾ ਯਤਨ ਕਰ ਰਹੀ ਹੈ ਦੂਜੇ ਪਾਸੇ ਇਹ ਲੋਕ ਧਾਰਮਿਕ ਦਾ ਬਹਾਨਾ ਬਣਾ ਕੇ ਕਬਜੇ ਦੀ ਤਾਕ ਵਿਚ ਹਨ। ਇਹ ਸ਼ਹਿਰ ਦੀ ਅਣਮੁੱਲੀ ਜਗਾ ਹੈ ਇਲਾਕੇ ਦੇ ਲੋਕਾਂ ਨੇ ਜਾਤ ਧਰਮ ਤੋਂ ਉਪਰ ਉਠ ਕੇ ਗੋ ਗ੍ਰੀਨ ਚੈਰੀਟੇਬਲ ਟਰੱਸਟ ਦੀ ਕਮੇਟੀ ਵਲੋਂ ਡਿਵੈਲਪ ਕੀਤਾ ਸੀ ਤਾਂ ਜੋ ਲੋਕਾਂ ਦਾ ਪ੍ਰਦੂਸ਼ਣ ਤੋਂ ਬਚਾਅ ਹੋ ਸਕੇ ਅਤੇ ਲੋਕ ਸਾਫ ਹਵਾ ਵਿਚ ਸਾਂਹ ਲੈ ਸਕਣ ਪਰ ਹੁਣ ਇਲਾਕੇ ਦੇ ਲੋਕਾਂ ਵਲੋਂ ਲੱਖਾਂ ਰੁਪਏ ਖਰਚ ਕਰਕੇ ਡਿਵੈਲਪ ਕੀਤੇ ਗਏ ਇਸ ਪਾਰਕ ਨੂੰ ਉਜਾੜਨ ਦੇ ਯਤਨ ਕੀਤੇ ਜਾ ਰਹੇ ਹਨ ,ਗੋ ਗ੍ਰੀਨ ਚੈਰੀਟੇਬਲ ਟਰੱਸਟ ਦੀ ਕਮੇਟੀ ਦੇ ਪ੍ਰਧਾਨ ਪੁਨੀਤ ਜੈਨ, ਚੇਅਰਪਰਸਨ ਰੀਨੂ ਜੈਨ, ਅਸ਼ੋਕ ਕੁਮਾਰ, ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਇਲਾਕੇ ਦੇ 200 ਤੋਂ ਪਰਿਵਾਰਾਂ ਨੇ ਆਪਣੇ ਹਸਤਾਖਰ ਕਰਕੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਅਤੇ ਐਸ. ਐਸ. ਪੀ. ਨੂੰ ਸ਼ਿਕਾਇਤਾਂ ਭੇਜੀਆਂ ਹਨ ਕਿ ਇਸ ਪਾਰਕ ਨੂੰ ਉਜਾੜਨ ਤੋਂ ਬਚਾਇਆ ਜਾਵੇ। ਮਾਸਟਰ ਤਾਰਾ ਸਿੰਘ ਪੁਰਾਣੇ ਸ਼ਹਿਰ ਦਾ ਇਕਮਾਤਰ ਪਾਰਕ ਹੈ ਜਦੋਂ ਕਿ ਇਸ ਦੇ ਆਲੇ ਦੁਆਲੇ ਜੋ ਮੁਹੱਲੇ ਹਨ, ਉਨਾਂ ਦੀਆਂ ਗਲੀਆਂ ਦੋ ਤੋਂ ਲੈ ਕੇ 5 ਫੁੱਟ ਤੱਕ ਚੌੜੀਆਂ ਹਨ, ਜਿਨਾਂ ਵਿਚ ਸਾਈਕਲ ਸਕੂਟਰ ਹੀ ਜਾ ਸਕਦੇ ਹਨ। ਅਜਿਹੇ ਵਿਚ ਲੋਕ ਇਸ ਪਾਰਕ ਵਿਚ ਆ ਕੇ ਸਵੇਰੇ ਸ਼ਾਮ ਸੈਰ ਕਰਦੇ ਹਨ ਅਤੇ ਬੱਚੇ ਖੇਡਦੇ ਹਨ। ਹੁਣੇ 3 ਲੱਖ ਤੋਂ ਵੱਧ ਪੈਸੇ ਖਰਚ ਕੇ ਇਸ ਪਾਰਕ ਵਿਚ ਬੂਟੇ ਅਤੇ ਘਾਹ ਲਾਇਆ ਸੀ। ਕਈ ਮੈਡੀਸਨ ਬੂਟੇ ਵੀ ਲਾਏ ਗਏ ਹਨ। ਇਲਾਕੇ ਦੇ ਲੋਕਾਂ ਦੀ ਮਿਹਨਤ ਤੋਂ ਬਾਅਦ ਇਹ ਪਾਰਕ ਹਰਾ ਭਰਾ ਹੋਇਆ ਹੈ। ਗੋ ਗ੍ਰੀਨ ਚੈਰੀਟੇਬਲ ਟਰੱਸਟ ਵਲੋਂ ਮਤਾ ਪਾਸ ਕਰਕੇ ਹੋਏ ਆਗੂਆਂ ਦਾ ਕਹਿਣਾ ਹੈ ਕਿ ਲੰਘੇ ਦਿਨੀਂ ਦੁਸ਼ਹਿਰੇ ਮੌਕੇ ਇਸ ਪਾਰਕ ਵਿਚ ਰਾਵਣ ਦੇ ਪੁਤਲੇ ਜਲਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਸਮੁੱਚਾ ਇਲਾਕਾ ਜੋੜੀਆਂ ਭੱਠੀਆਂ ਅਤੇ ਜੋੜੀਆਂ ਭੱਠੀਆਂ ਰਾਮ ਲੀਲਾ ਕਮੇਟੀ ਕੋਲ ਗਿਆ ਅਤੇ ਉਨਾਂ ਨੂੰ ਕਿਹਾ ਕਿ ਇਹ ਇਲਾਕੇ ਦਾ ਇਕਮਾਤਰ ਪਾਰਕ ਹੈ। ਰਾਵਣ ਦੇ ਪੁਤਲੇ ਸਾੜ ਕੇ ਇਸ ਨੂੰ ਨਾ ਉਜਾੜਿਆ ਜਾਵੇ। ਜਿਸ ਤੋਂ ਬਾਅਦ ਇਥੇ ਰਾਵਣ ਦੇ ਪੁਤਲੇ ਜਲਾਉਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ ਸੀ, ਉਨਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਪਾਰਕ ਵਿਚ ਕੋਈ ਵੀ ਸਮਾਗਮ ਨਾ ਕਰਵਾਇਆ ਜਾਵੇ ਅਤੇ ਨਾ ਹੀ ਕਿਸੇ ਪਾਰਕ ਦੀ ਗਰੀਨਰੀ ਨੂੰ ਨਸ਼ਟ ਕੀਤਾ ਜਾਵੇ। ਜੇਕਰ ਇਸ ਪਾਰਕ ਵਿਚ ਸਮਾਗਮ ਲਈ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ ਤਾਂ ਸਮੁੱਚਾ ਪਾਰਕ ਤਹਿਸ ਨਹਿਸ ਹੋ ਜਾਵੇਗਾ। ਇਲਾਕੇ ਦੇ ਸਿੱਖ ਸੰਗਤ ਵੀ ਪਾਰਕ ਨੂੰ ਉਜਾੜਨ ਦੇ ਖਿਲਾਫ ਹੈ ।ਇਲਾਕਾ ਨਿਵਾਸੀ ਭੁਪਿੰਦਰ ਸਿੰਘ, ਬਲਦੇਵ ਸਿੰਘ, ਗੁਰਿੰਦਰ ਸਿੰਘ, ਸੁਰਿੰਦਰ ਕੌਰ, ਗਗਨ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਕਿਹਾ ਕਿ ਧਰਮ ਦੇ ਨਾਂ 'ਤੇ ਥੋੜੀ ਬਹੁਤ ਬਚੀ ਗਰੀਨਰੀ ਨਹੀਂ ਉਜਾੜਨੀ ਚਾਹੀਦੀ। ਲੋਕਾਂ ਕਿਹਾ ਕਿ ਜਦੋਂ ਇਸ ਸੰਬੰਧੀ ਕੌਂਸਲਰ ਗੋਨਾ ਨਾਲ ਉਹ ਗੱਲ ਕਰਨ ਗਏ ਤਾਂ ਉਲਟਾ ਲੋਕਾਂ ਨੂੰ ਧਮਕੀ ਦੇਣ ਲੱਗ ਪਿਆ ਅਤੇ ਕਿਹਾ ਕਿ ਉਹ ਇਹ ਧਾਰਮਿਕ ਮੁੱਦਾ ਬਣਾ ਲਵੇਗਾ। ਇਲਾਕੇ ਦੇ ਸਮੁੱਚੇ ਲੋਕਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਹਰ ਧਰਮ ਦੇ ਲੋਕ ਰਹਿੰਦੇ ਹਨ। ਜੇਕਰ ਰਾਮਲੀਲਾ ਕਮੇਟੀ ਰਾਵਣ ਫੂਕਣ ਦਾ ਪ੍ਰੋਗਰਾਮ ਰੱਦ ਕਰ ਸਕਦੀ ਹੈ ਤਾਂ ਫਿਰ ਹੋਰ ਧਾਰਮਿਕ ਪ੍ਰੋਗਰਾਮ ਵੀ ਪਾਰਕ ਵਿਚ ਨਹੀਂ ਹੋਣੇ ਚਾਹੀਦੇ। ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਸ ਲਈ ਕੋਈ ਹੋਰ ਜਗਾ ਅਲਾਟ ਕੀਤੀ ਜਾਵੇ।