ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਇਮਾਰਤ ਦਾ ਉਦਘਾਟਨ ਦੇ ਦ੍ਰਿਸ਼।
ਜੀ ਐਸ ਪੰਨੂ
ਪਟਿਆਲਾ, 5 ਅਕਤੂਬਰ 2017 :
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਦਿਓਲ ਅਤੇ ਉਨ੍ਹਾਂ ਦੀ ਟੀਮ ਨੇ ਵਿਭਾਗ ਦੀ ਸਥਾਪਨਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਵਿਭਾਗ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਫਿਟਨੈੱਸ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਫਿਜ਼ੀਕਲ ਐਜੂਕੇਸ਼ਨ ਵਿਭਾਗ ਸਿੱਖਿਆ ਅਤੇ ਅਨੁਸ਼ਾਸਨ ਪੱਖੋਂ ਯੂਨੀਵਰਸਿਟੀ ਦੇ ਸਭ ਤੋਂ ਵਧੀਆ ਵਿਭਾਗਾਂ ਵਿਚੋਂ ਇੱਕ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵਿਭਾਗ ਦੇ ਭਰਪੂਰ ਉਪਰਾਲਿਆਂ ਨਾਲ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਖਿਡਾਰੀ ਅੰਤਰ-ਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਂ ਰੋਸ਼ਨ ਕਰਨਗੇ।
ਇਸ ਇਮਾਰਤ ਦੀ ਉਸਾਰੀ ਤੇ ਕੁੱਲ 2.40 ਕਰੋਡ਼ ਰੁਪਏ ਖਰਚ ਹੋਏ ਹਨ। ਇਹ ਖਰਚਾ ਪੰਜਾਬੀ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ 'ਯੂਨੀਵਰਸਿਟੀਆਂ ਵਿੱਚ ਖੇਡਾਂ ਦੇ ਸਾਜ਼ੋ-ਸਾਮਾਨ ਦਾ ਵਿਕਾਸ' ਸਕੀਮ ਅਧੀਨ ਮਿਲੀ ਗਰਾਂਟ ਵਿਚੋਂ ਕੀਤਾ ਗਿਆ। ਡਾ. ਘੁੰਮਣ ਨੇ ਵਿਭਾਗ ਦੀ ਇਮਾਰਤ ਦੇ ਬਾਹਰ ਇੱਕ ਬੂਟਾ ਵੀ ਲਗਾਇਆ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਡਾ. ਬਲਵਿੰਦਰ ਸਿੰਘ ਟਿਵਾਣਾ, ਡਾਇਰੈਕਟਰ, ਪਲਾਨਿੰਗ ਐਡ ਮੋਨੀਟਰਿੰਗ ਅਤੇ ਕਾਰਜਕਾਰੀ ਇੰਜੀਨੀਅਰ ਸ੍ਰੀ ਮਨਜੀਤ ਸਿੰਘ ਸਿੱਧੂ ਨੇ ਵੀ ਸਮਾਰੋਹ ਵਿੱਚ ਸਿ਼ਰਕਤ ਕੀਤੀ।