ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੋਟਰ ਸੂਚੀਆਂ ਦੀ ਸੁਧਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ।
ਮੋਹਾਲੀ, 5 ਅਕਤੂਬਰ, 2017 :
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ 01-01-2018 ਦੇ ਆਧਾਰ 'ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਚੋਣ ਪ੍ਰੋਗਰਾਮ ਅਨੁਸਾਰ 15 ਨਵੰਬਰ ਨੂੰ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ ਜਦੋਂ ਕਿ 15 ਨਵੰਬਰ ਤੋਂ 14 ਦਸੰਬਰ, 2017 ਤੱਕ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ ਫਾਈਲ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਬੂਥ ਲੈਵਲ ਅਫਸਰਾਂ ਵੱਲੋਂ 18 ਨਵੰਬਰ ਤੇ 25 ਨਵੰਬਰ (ਦੋਵੇਂ ਸ਼ਨੀਵਾਰ) ਵਾਲੇ ਦਿਨ ਫੋਟੋ ਵੋਟਰ ਸੂਚੀ ਦੇ ਸਬੰਧਤ ਭਾਗ/ਸੈਕਸ਼ਨ ਗ੍ਰਾਮ ਸਭਾ, ਲੋਕਲ ਬਾਡੀਜ਼ ਅਤੇ ਆਰ.ਡਬਲਿਊ.ਏ. ਦੀ ਮੀਟਿੰਗ ਵਿੱਚ ਪੜ੍ਹ ਕੇ ਨਾਵਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ 19 ਤੇ 26 ਨਵੰਬਰ ਨੂੰ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 3 ਜਨਵਰੀ, 2018 ਨੂੰ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 13 ਜਨਵਰੀ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।