ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਭਗਵਾਨ ਵਾਲਮੀਕਿ ਮੰਦਰ ਵਿਚ ਨਤਮਸਤਕ ਹੁੰਦੇ ਹੋਏ।
ਜੀ ਐਸ ਪੰਨੂ
ਪਟਿਆਲਾ, 4 ਅਕਤੂਬਰ 2017 : ਸ਼ਾਹੀ ਸ਼ਹਿਰ ਪਟਿਆਲਾ ਵਿਚ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਭਗਵਾਨ ਵਾਲਮੀਕਿ ਮੰਦਰ ਵਿਚ ਨਤਮਸਤਕ ਹੋਏ । ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਕਰੁਨਾ ਸਾਗਰ ਭਗਵਾਨ ਵਾਲਮੀਕਿ ਜੀ ਦੇ ਦਿਖਾਏ ਹੋਏ ਰਸਤੇ 'ਤੇ ਹਰ ਇਨਸਾਨ ਨੂੰ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਦੇਵ ਭਾਸ਼ਾ ਸੰਸਕ੍ਰਿਤ ਦੇ ਪਿਤਾਮਾ ਸਨ, ਜਿਨ੍ਹਾਂ ਨੇ ਬਦੀ 'ਤੇ ਨੇਕੀ ਦੀ ਜਿੱਤ ਦਾ ਸੁਨੇਹਾ ਆਪਣੇ ਮਹਾਨ ਗ੍ਰੰਥ ਸ੍ਰੀ ਰਮਾਇਣ ਰਾਹੀਂ ਜਨਤਾ ਨੂੰ ਦਿੱਤਾ। ਉਨ੍ਹਾਂ ਵਲੋਂ ਰਚਿਤ ਸ੍ਰੀ ਰਮਾਇਣ ਮਨੁੱਖੀ ਕਦਰਾਂ ਕੀਮਤਾਂ ਦੀ ਇਕ ਸਾਕਾਰ ਰਚਨਾ ਹੈ। ਭਗਵਾਨ ਵਾਲਮੀਕਿ ਜੀ ਵਲੋਂ ਰਚਿਤ ਇਹ ਮਹਾਨ ਗ੍ਰੰਥ ਸਦੀਆਂ ਤੋਂ ਲੋਕਾਂ ਨੂੰ ਆਦਰਸ਼ ਜੀਵਨ ਜਿਉਣ ਅਤੇ ਨੈਤਿਕਤਾ 'ਤੇ ਚੱਲਣ ਦਾ ਸੁਨੇਹਾ ਦਿੰਦਾ ਆ ਰਿਹਾ ਹੈ। ਉਨ੍ਹਾਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਵਿਚ ਬਰਾਬਰਤਾ, ਆਦਰਸ਼ ਵਿਅਕਤੀ, ਆਦਰਸ਼ ਰਾਜਾ ਬਣਨ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਇਹ ਦਿਹਾੜਾ ਆਪਸੀ ਭਾਈਚਾਰਕ ਸਾਂਝ, ਸਦਭਾਵਨਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਸ਼ੋਭਾ ਯਾਤਰਾ ਨੂੰ ਝੰਡੀ ਦੇਣ ਤੋਂ ਬਾਅਦ ਐਡਵੋਕੇਟ ਸ਼ੈਲਿੰਦਰ ਮੋਂਟੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਸ੍ਰਿਸ਼ਟੀ ਰਚਿਤਾ ਹਨ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਵਿਚ ਸ੍ਰੀ ਰਾਮ ਜੀ ਦਾ ਜੋ ਜਾਪ ਹੋ ਰਿਹਾ ਹੈ, ਉਸ ਦਾ ਸਿਹਰਾ ਸ੍ਰੀ ਵਾਲਮੀਕਿ ਜੀ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਭਗਵਾਨ ਰਾਮ ਜੀ ਦਾ ਸਮੁੱਚਾ ਜੀਵਨ ਰਮਾਇਣ ਦੇ ਰੂਪ ਵਿਚ ਲਿਖ ਕੇ ਸਮਾਜ ਨੂੰ ਦਿੱਤਾ। ਸਦੀਆਂ ਤੋਂ ਲੋਕ ਸ੍ਰੀ ਰਮਾਇਣ ਜੀ ਤੋਂ ਸੰਦੇਸ਼ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਰਮਾਇਣ ਰਾਹੀਂ ਭਗਵਾਨ ਵਾਲਮੀਕਿ ਨੇ ਸੰਦੇਸ਼ ਦਿੱਤਾ ਹੈ ਕਿ ਇਨਸਾਨ ਨੂੰ ਸ੍ਰੀ ਰਾਮ ਵਰਗਾ ਆਗਿਆਕਾਰੀ ਪੁੱਤਰ ਅਤੇ ਇਨਸਾਫ ਪਸੰਦ ਰਾਜਾ, ਲਕਸ਼ਮਣ ਵਰਗਾ ਭਰਾ, ਮਾਤਾ ਸੀਤਾ ਵਰਗੀ ਪਤਨੀ ਅਤੇ ਸ੍ਰੀ ਹਨੂੰਮਾਨ ਵਰਗਾ ਸੇਵਕ ਹੋਣ ਦੀ ਪ੍ਰੇਰਨਾ ਦਿੱਤੀ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਐਡਵੋਕੇਟ ਰਣਧੀਰ ਸਿੰਘ ਥਿੰਦ ਨੇ ਵਿਸ਼ੇਸ਼ ਤੌਰ 'ਤੇ ਆਸ਼ੀਰਵਾਦ ਲਿਆ। ਇਸ ਮੌਕੇ ਵਾਲਮੀਕਿ ਸਭਾ ਉਤਸਵ ਕਮੇਟੀ ਦੇ ਪ੍ਰਧਾਨ ਜਤਿੰਦਰ ਕੁਮਾਰ ਪ੍ਰਿੰਸ , ਮਿਉਂਸਪਲ ਵਰਕਰ ਯੂਨੀਅਨ ਦੇ ਪ੍ਰਧਾਨ ਨਰੇਸ਼ ਬੋਬੀ, ਵਾਲਮੀਕਿ ਧਰਮ ਸਭਾ ਦੇ ਵਾਈਸ ਪ੍ਰਧਾਨ ਉਪਿੰਦਰ ਸਿੰਘ, ਸੋਹਨ ਲਾਲ ਜਖਮੀ, ਮੋਹਨ ਲਾਲ ਅਟਵਾਲ, ਦਰਸ਼ਨ ਸਿੰਘ ਮੈਣ, ਦਲਵੀਰ ਸਿੰਘ, ਸੰਜੇ ਟਾਂਕ, ਵਿਜੇ ਚੌਹਾਨ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।