← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 3 ਅਕਤੂਬਰ 2017 : ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਮਿੰਨੀ ਸਕੱਤਰੇਤ ਵਿਖੇ ਮੈਨੂਅਲ ਸਕੇਵੈਜ਼ਰਸ ਐਕਟ 2013 ਦੇ ਸਬੰਧ ਵਿੱਚ ਮੀਟਿੰਗ ਕਰਦਿਆਂ ਦੱਸਿਆ ਕਿ ਪਟਿਆਲੇ 'ਚ ਹੁਣ ਕੋਈ ਵੀ ਸਿਰ ਤੇ ਮੈਲਾ ਢੋਣ ਵਾਲਾ ਵਿਅਕਤੀ ਜਾਂ ਪਰਿਵਾਰ ਨਹੀਂ ਹੈ। ਉਹਨਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਇਹਨਾਂ ਪਰਿਵਾਰਾਂ ਦੀ ਗਿਣਤੀ 38 ਹੁੰਦੀ ਸੀ। ਪਰ ਹੁਣ ਨਗਰ ਨਿਗਮ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਨਿਗਮ ਵੱਲੋਂ ਅਜਿਹਾ ਕੋਈ ਵੀ ਕੰਮ ਆਪਣੀ ਹਦੂਦ 'ਚ ਨਹੀਂ ਕਰਵਾਇਆ ਜਾਂਦਾ। ਮੀਟਿੰਗ ਵਿੱਚ ਦੱਸਿਆ ਗਿਆ ਕਿ ਐਸ.ਸੀ. ਕਾਰਪੋਰੇਸ਼ਨ ਵੱਲੋਂ 23 ਵਿਅਕਤੀਆਂ ਦੇ ਕੇਸ ਬੈਂਕਾਂ ਕੋਲ ਲੋਨ ਲਈ ਭੇਜੇ ਗਏ ਸਨ ਜਿਹਨਾਂ ਵਿੱਚੋਂ 6 ਕੇਸਾਂ ਨੂੰ ਛੱਡ ਕੇ ਸਾਰਿਆਂ ਦੇ ਕਰਜ਼ੇ ਮਨਜੂਰ ਕਰਵਾ ਦਿੱਤੇ ਗਏ ਹਨ। ਇਹਨਾਂ 6 ਕੇਸਾਂ 'ਚ ਵੀ ਕੁਝ ਜ਼ਰੂਰੀ ਕਾਗਜਾਤ ਨਾ ਹੋਣ ਕਰਕੇ ਦੇਰੀ ਹੋਈ ਹੈ ਜਿਸ ਨੂੰ ਵੀ ਛੇਤੀ ਹੀ ਦੂਰ ਕਰ ਦਿੱਤਾ ਜਾਵੇਗਾ। ਐਸ.ਸੀ. ਕਾਰਪੋਰੇਸ਼ਨ ਵੱਲੋਂ ਦਿਵਾਏ ਜਾਣ ਵਾਲੇ ਲੋਨ 'ਚ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਸਫ਼ਾਈ ਕਰਮਚਾਰੀਆਂ ਨੂੰ ਖਾਸ ਤੌਰ 'ਤੇ ਸੀਵਰੇਜ ਦਾ ਕੰਮ ਕਰਨ ਵਾਲੇ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਕਿੱਟ ਸਬੰਧੀ ਪੇਸ਼ ਆ ਰਹੀ ਦਿੱਕਤ ਨੂੰ ਵੀ ਹੁਣ ਸਟੇਟ ਬੈਂਕ ਆਫ ਇੰਡੀਆ ਦੀ ਮਦਦ ਨਾਲ ਦੂਰ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ 200 ਜੈਕਟਾਂ ਦਿੱਤੀਆਂ ਗਈਆਂ ਹਨ ਜਦ ਕਿ ਛੇਤੀ ਹੀ 600 ਹੋਰ ਜੈਕਟਾਂ ਦਿੱਤੀਆਂ ਜਾਣਗੀਆਂ। ਮੀਟਿੰਗ ਵਿੱਚ ਨਗਰ ਨਿਗਮ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਮੌਕੇ ਜ਼ਿਲਾ ਭਲਾਈ ਅਫ਼ਸਰ ਸ਼੍ਰੀ ਗੁਰਿੰਦਰਜੀਤ ਸਿੰਘ ਧਾਲੀਵਾਲ ਅਤੇ ਐਸ.ਸੀ. ਕਾਰਪੋਰੇਸ਼ਨ ਦੇ ਜ਼ਿਲਾ ਮੈਨੇਜਰ ਸ਼੍ਰੀ ਗੁਰਪਿੰਦਰ ਸਿੰਘ ਵੀ ਮੌਜੂਦ ਸਨ।
Total Responses : 267