ਪਟਿਆਲਾ, 30 ਸਤੰਬਰ 2017 : ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੁਆਰਾ ਲਗਾਤਾਰ ਦਿਖਾਈ ਜਾ ਰਹੀ ਸਖ਼ਤੀ ਅਤੇ ਸਰਕਾਰ ਦੁਆਰਾ ਪਰਾਲੀ ਨਾ ਸਾੜਨ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਸਖ਼ਤ ਪ੍ਰਬੰਧਕੀ ਕਦਮ ਚੁੱਕਣ ਲਈ ਕਿਹਾ ਹੈ। ਇਹਨਾਂ ਪ੍ਰਬੰਧਕੀ ਕਦਮਾਂ ਸਬੰਧੀ ਇੱਕ ਨੋਟ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ, ਕਾਹਨ ਸਿੰਘ ਪੰਨੂ ਨੇ ਸਰਕਾਰ ਨੂੰ ਭੇਜਿਆ ਸੀ ਜਿਸ ਨੂੰ ਮਾਣਯੋਗ ਮੁੱਖ ਮੰਤਰੀ, ਪੰਜਾਬ ਨੇ ਪ੍ਰਵਾਨ ਕਰਦਿਆਂ ਤੁਰੰਤ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਖੁਲਾਸਾ ਕਰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਪ੍ਰਸੋਨਲ ਵਿਭਾਗ, ਪੰਜਾਬ ਨੂੰ ਲਿਖਿਆ ਹੈ ਕਿ ਬੋਰਡ, ਕਾਰਪੋਰੇਸ਼ਨਾਂ, ਖੁਦ-ਮੁਖਤਿਆਰ ਅਦਾਰਿਆਂ ਅਤੇ ਸਰਕਾਰੀ ਵਿਭਾਗਾਂ ਦਾ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ, ਜੋ ਖੇਤੀ ਕਰਦਾ ਹੈ ਜਾਂ ਜਿਸ ਦੀ ਆਪਣੀ ਵਾਹੀ ਹੈ, ਉਹ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ ਅਤੇ ਦੂਜਿਆਂ ਨੂੰ ਅੱਗ ਲਗਾਉਣ ਤੋਂ ਰੋਕੇਗਾ। ਜੇ ਉਹ ਆਪ ਕੁਤਾਹੀ ਕਰੇਗਾ ਤਾਂ ਉਸ ਖਿਲਾਫ਼ ਸਰਵਿਸ ਰੂਲਾਂ ਅਨੁਸਾਰ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰਾਂ ਸਿੱਖਿਆ ਵਿਭਾਗ, ਪੰਜਾਬ ਨੂੰ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕੋਈ ਵੀ ਅਧਿਆਪਕ (ਸਰਕਾਰੀ ਜਾਂ ਪ੍ਰਾਈਵੇਟ), ਕਰਮਚਾਰੀ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ ਨਹੀਂ ਤਾਂ ਉਹ ਵਿਭਾਗੀ ਰੂਲਾਂ ਅਨੁਸਾਰ ਅਨੁਸ਼ਾਸਨੀ ਕਾਰਵਾਈ ਦਾ ਭਾਗੀਦਾਰ ਹੋਵੇਗਾ।
ਸਿੰਚਾਈ ਵਿਭਾਗ, ਪੰਜਾਬ ਨੁੰ ਵੀ ਹਦਾਇਤ ਕੀਤੀ ਗਈ ਕਿ ਨਹਿਰੀ ਪਟਵਾਰੀਆਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਉਹਨਾਂ ਦੇ ਹਲਕੇ ਅਧੀਨ ਪੈਂਦੇ ਪਿੰਡਾਂ ਅਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲੱਗੇ ਅਤੇ ਕੁਤਾਹੀ ਕਰਨ ਵਾਲੇ ਕਿਸਾਨ ਦੀ ਰਿਪੋਰਟ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਕੀਤੀ ਜਾਵੇ। ਸਹਿਕਾਰਤਾ ਵਿਭਾਗ, ਪੰਜਾਬ ਨੂੰ ਲਿਖਿਆ ਗਿਆ ਹੈ ਕਿ ਪ੍ਰਾਇਮਰੀ ਸਹਿਕਾਰੀ ਸੁਸਾਇਟੀਆਂ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਖੇਤਾਂ ਵਿੱਚ ਪਰਾਲੀ ਨਾ ਸਾੜਨ ਅਤੇ ਕੁਤਾਹੀ ਕਰਨ ਵਾਲੇ ਮੈਂਬਰ ਖਿਲਾਫ਼ ਸਬੰਧਤ ਸਹਿਕਾਰਤਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਪੰਜਾਬ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਵਿਭਾਗ ਦੇ ਜੂਨੀਅਰ ਇੰਜੀਨੀਅਰ ਆਪਣੇ ਇਲਾਕੇ ਦੇ ਖੇਤਾਂ ਤੇ ਬਾਜ ਅੱਖ ਰੱਖਣ ਅਤੇ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪ੍ਰਮੁੱਖ ਰੋਲ ਨਿਭਾਉਣ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਵੇਰਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਭੇਜਣ।
ਵਾਤਾਵਰਣ ਵਿਭਾਗ, ਪੰਜਾਬ ਨੇ ਖੇਤੀਬਾੜੀ ਵਿਭਾਗ, ਪੰਜਾਬ ਨੂੰ ਵੀ ਚਿੱਠੀ ਲਿਖ ਕੇ ਕਿਹਾ ਹੈ ਕਿ ਮਾਰਕੀਟ ਕਮੇਟੀਆਂ ਨਾਲ ਰਜਿਸਟਰਡ ਸਾਰੇ ਆੜ੍ਹਤੀਆਂ ਨੂੰ ਹਦਾਇਤ ਜਾਰੀ ਕੀਤੀ ਜਾਵੇ ਕਿ ਜੇ ਉਹ ਆਪ ਖੇਤੀ ਕਰਦੇ ਹਨ ਤਾਂ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਆਪਣੇ ਗਾਹਕ ਕਿਸਾਨਾਂ ਨੂੰ ਵੀ ਉਹ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰਨ। ਇਸੇ ਤਰ੍ਹਾਂ ਮਾਲ ਅਤੇ ਮੁੁੜ ਵਸੇਬਾ ਵਿਭਾਗ, ਪੰਜਾਬ ਨੂੰ ਵੀ ਲਿਖਿਆ ਗਿਆ ਹੈ ਕਿ ਸਾਰੇ ਮਾਲ ਪਟਵਾਰੀਆਂ ਨੂੰ ਹਦਾਇਤ ਜਾਰੀ ਕੀਤੀ ਜਵਾੇ ਕਿ ਗਿਰਦਾਵਾਰੀ ਰਜਿਸਟਰ ਵਿੱਚ ਅੱਗ ਲਗਾਉਣ ਵਾਲੇ ਕਿਸਾਨ ਦੇ ਖਸਰਾ-ਖੇਵਟ ਨੰਬਰ ਸਾਹਮਣੇ ਲਾਲ ਸਿਆਹੀ ਨਾਲ "ਖੇਤ ਸਾੜਾ" ਦੇ ਇੰਦਰਾਜ਼ ਕਰਨਾ ਲਾਜ਼ਮੀ ਬਣਾਉਣ ਅਤੇ ਇਸ ਦੀ ਖਬਰ ਤੁਰੰਤ ਉੱਚ ਅਧਿਕਾਰੀਆਂ ਨੂੰ ਪਹੁੰਚਾਉਣ। ਪੰਚਾਇਤ ਵਿਭਾਗ, ਪੰਜਾਬ ਨੂੰ ਵੀ ਕਿਹਾ ਹੈ ਕਿ ਪਿੰਡ ਪੱਧਰ ਤੇ ਹਰੇਕ ਪੰਚਾਇਤ ਮੈਂਬਰ ਤੋਂ ਸਹੁੰ ਚੁਕਵਾਈ ਜਾਵੇ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ। ਸਹੁੰ ਦੀ ਇਬਾਰਤ ਵੱਖਰੇ ਤੌਰ ਤੇ ਵਿਭਾਗ ਨੂੰ ਭੇਜੀ ਗਈ ਹੈ।
ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਉਕਤ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਡੈਂਟ ਪੁਲਿਸ ਨੂੰ ਵੀ ਖਤ ਲਿਖ ਕੇ ਹਦਾਇਤ ਜਾਰੀ ਕੀਤੀ ਹੈ ਕਿ ਉਹ ਰਲ ਕੇ ਸਾਰਿਆਂ ਨਾਲ ਮੀਟਿੰਗਾਂ ਕਰਨ ਅਤੇ ਇਹਨਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨਿਅਰ ਸਬੰਧਤ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ. ਨਾਲ ਹਰ ਵਕਤ ਨੇੜਲਾ ਰਾਬਤਾ ਰੱਖਣਗੇ।