ਜੀ ਐਸ ਪੰਨੂ
ਪਟਿਆਲਾ, 27 ਸਤੰਬਰ 2017 : ਵਿਸ਼ਵ ਸੈਰ ਸਪਾਟਾ ਦਿਵਸ ਦੇ ਅਵਸਰ 'ਤੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵੱਲੋਂ ਸੈਰ ਸਪਾਟੇ ਨੂੰ ਆਤਮ ਨਿਰਭਰ ਬਣਾਉਣ ਲਈ ਕਰਵਾਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ 'ਚ ਕਿਹਾ ਕਿ 16 ਅਕਤੂਬਰ ਦੀ ਹੋਣ ਵਾਲੀ ਕੈਬਨਿਟ ਮੀਟਿੰਗ 'ਚ ਨਵੀਂ ਸੈਰ ਸਪਾਟਾ ਨੀਤੀ ਨੂੰ ਰੱਖਿਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਤੇ ਇਸ ਨੂੰ ਆਤਮ ਨਿਰਭਰ ਬਣਾਉਣ ਲਈ ਅਹਿਮ ਕਦਮ ਉਠਾਏ ਹਨ ਪੰਜਾਬ ਦੀਆਂ ਤਿੰਨੇ ਮੁਗਲ ਸਰਾਵਾਂ ਨੂੰ ਵੈਡਿੰਗ ਸਰਕਟ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਹੁਣ ਪੰਜਾਬੀ ਪਰਿਵਾਰ ਰਾਜਸਥਾਨ ਦੇ ਪੈਟਰਨ 'ਤੇ ਇਹਨਾਂ ਸਰਾਵਾਂ ਵਿੱਚ ਵੱਡੇ ਵਿਆਹ ਸਮਾਗਮ ਕਰ ਸਕਣਗੇ। ਪੰਜਾਬ ਸੈਰ ਸਪਾਟਾ ਵਿਭਾਗ ਦੇ ਬੰਦ ਹੋ ਚੁੱਕੇ 20 ਦੇ ਕਰੀਬ ਹੋਟਲਾਂ ਨੂੰ ਪੁਨਰ ਸੁਰਜੀਤ ਕਰਨ ਲਈ ਸਨਅਤ ਦੇ ਵੱਡੇ ਨਿੱਜੀ ਅਦਾਰਿਆਂ ਨੂੰ ਚਲਾਉਣ ਲਈ ਦਿੱਤਾ ਜਾਵੇਗਾ ਜਿਸ ਦੀ ਆਮਦਨ ਦਾ ਹਿੱਸਾ ਉਹ ਰਾਜ ਸਰਕਾਰ ਨੂੰ ਵੀ ਦੇਣਗੇ। ਸਿੱਧੂ ਨੇ ਕਿਹਾ ਕਿ ਪਟਿਆਲਾ ਦੇ ਬਾਬਾ ਆਲਾ ਸਿੰਘ ਕਿਲਾ ਮੁਬਾਰਿਕ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਬੂਟੀਕ ਹੋਟਲ ਬਣਾਇਆ ਜਾਵੇਗਾ ਜਿਸ ਵਿੱਚ ਪੰਜ ਤਾਰਾ ਹੋਟਲਾਂ ਵਾਲੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ ਸਮਝੌਤਾ ਕੀਤਾ ਜਾਵੇਗਾ ਜਿਸ ਤਹਿਤ ਇਹ ਯੂਨੀਵਰਸਿਟੀਆਂ ਪੰਜਾਬ ਵਿੱਚ ਸੈਰ ਸਪਾਟੇ ਨੂੰ ਆਰਥਿਕ ਤੌਰ 'ਤੇ ਆਤਮ ਨਿਰਭਰ ਬਣਾਉਣ ਲਈ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪਣਗੀਆਂ ਅਤੇ ਸੈਰ ਸਪਾਟੇ ਲਈ ਚੰਗੇ ਗਾਈਡ ਵੀ ਤਿਆਰ ਕਰਨਗੀਆਂ।
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਛੇਤੀ ਹੀ ਸਾਰੇ ਢਾਬਿਆਂ ਦੀ ਰਜਿਸਟਰੇਸ਼ਨ ਕਰੇਗੀ ਜਿਸ ਦਾ ਮੁੱਖ ਮਕਸਦ ਸੈਲਾਨੀਆਂ ਨੂੰ ਮਿਆਰੀ ਤੇ ਸਾਫ ਸੁਥਰਾ ਖਾਣਾ ਮੁਹੱਈਆ ਕਰਾਉਣ ਦੇ ਨਾਲ-ਨਾਲ ਸਾਫ ਸੁਥਰਾ ਮਾਹੌਲ ਮੁਹੱਈਆ ਕਰਵਾਉਣਾ ਹੋਵੇਗਾ। ਉਹਨਾਂ ਦੱਸਿਆ ਕਿ ਹੋਟਲ ਮੈਨੇਜਮੈਂਟ ਦੀਆਂ ਤਿੰਨ ਸੰਸਥਾਵਾਂ ਨੂੰ ਢਾਬਿਆਂ ਵਿੱਚ ਲੋੜੀਂਦੇ ਸੁਧਾਰ ਸਬੰਧੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ।
ਸੈਰ ਸਪਾਟਾ ਮੰਤਰੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੈਡਿਗ ਸਰਕਟ ਦੇ ਨਾਲ-ਨਾਲ ਸੂਫੀ ਸਰਕਟ, ਅੰਮ੍ਰਿਤਸਰ ਸਰਕਟ, ਪੁਰਾਣੀਆਂ ਹਵੇਲੀਆਂ ਦੀ ਸੰਭਾਲ ਤੇ ਫਾਰਮ ਟੂਰਿਜ਼ਮ ਨੂੰ ਵੀ ਪੈਰਾਂ 'ਤੇ ਖੜ੍ਹਾ ਕੀਤਾ ਜਾਵੇਗਾ। ਰਾਜ ਦੇ ਸਾਰੇ ਇਤਿਹਾਸਕ ਤੇ ਵਿਰਾਸਤੀ ਮੇਲੇ ਲਗਾਏ ਜਾਣਗੇ। ਉਹਨਾਂ ਕਾਫ਼ੀ ਦੇਰ ਤੋਂ ਬੰਦ ਪਏ ਪਟਿਆਲਾ ਦੇ ਵਿਰਾਸਤੀ ਮੇਲੇ ਨੂੰ ਵੀ ਮੁੜ ਤੋਂ ਕਰਾਉਣ ਦਾ ਐਲਾਨ ਵੀ ਕੀਤਾ। ਜਦੋ ਪੱਤਰਕਾਰਾਂ ਨੇ ਬਹਾਦਰਗੜ ਕਿਲ੍ਹਾ ਅਤੇ ਮਾਈ ਜੀ ਦੀ ਸਰਾ ਬਾਰੇ ਗੱਲ ਕੀਤੀ ਤਾ ਸਿੱਧੂ ਨੇ ਕਿਹਾ ਕਿ ਪਹਿਲਾ ਪੁਲਿਸ ਵਾਲਿਆਂ ਨੂੰ ਹੋਰ ਸਥਾਨ ਦਿੱਤਾ ਜਾਵੇਗਾ ਫੇਰ ਹੀ ਕੁੱਝ ਗੱਲ ਕੀਤੀ ਜਾਵੇਗੀ ਇਥੇ ਇਹ ਦੱਸਣ ਯੋਗ ਹੈ ਕਿ ਮਾਈ ਜੀ ਦੀ ਸਰਾ ਪਹਿਲਾ ਹੀ ਨਾ ਸੇਫ ਕਰਾਰ ਦਿੱਤੀ ਗਈ ਹੈ ।
ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਨਾਲ ਜਿੱਥੇ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਉੱਥੇ ਹੀ ਇਸ ਨਾਲ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਹੋਣਗੇ। ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸਕ ਵਿਰਸੇ ਸੈਰ ਸਪਾਟੇ ਦੇ ਮਹੱਤਵਪੂਰਨ ਸਥਾਨ ਹਨ ਜਿਹਨਾਂ ਨੂੰ ਪੜ੍ਹਾਅ ਵਾਰ ਬਿਹਤਰ ਦਿਖ ਪ੍ਰਦਾਨ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਫਾਰਮ ਟੂਰਿਜ਼ਮ ਵਿੱਚ ਪੰਜਾਬ ਦੂਸਰੇ ਰਾਜਾਂ ਦੇ ਮੁਕਾਬਲੇ ਹਾਲੇ ਕਾਫ਼ੀ ਪਿੱਛੇ ਹੈ ਪਰ ਇਸ ਖੇਤਰ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ।
ਸੈਮੀਨਾਰ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਕੀਰਤ ਸਿੰਘ ਆਹਲੂਵਾਲੀਆ ਨੇ ਫਾਰਮ ਟੂਰਿਜ਼ਮ ਬਾਰੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਟੂਰ ਆਪਰੇਟਰਜ਼ ਪੰਜਾਬ ਦੇ ਚੇਅਰਮੈਨ ਸ਼੍ਰੀ ਮਨਮੀਤ ਸਿੰਘ ਨੇ ਟੂਰਿਜ਼ਮ ਦੇ ਖੇਤਰ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਅਤੇ ਡਾ: ਰਣ ਸਿੰਘ ਧਾਲੀਵਾਲ ਨੇ ਕਿਹਾ ਕਿ ਸੈਰ ਸਪਾਟੇ ਦੇ ਖੇਤਰ ਵਿੱਚ ਸਥਾਨਕ ਵਸੋਂ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਜਾਵੇ। ਇਸ ਮੌਕੇ ਏ.ਡੀ.ਸੀ. ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਸ਼੍ਰੀਮਤੀ ਜੀਵਨਜੋਤ ਕੌਰ, ਪੰਜਾਬ ਭਰ ਵਿੱਚੋਂ ਫਾਰਮ ਟੂਰਿਜ਼ਮ ਨਾਲ ਜੁੜੀਆਂ ਸਖਸ਼ੀਅਤਾਂ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ।