ਜੀ ਐਸ ਪੰਨੂ
ਪਟਿਆਲਾ, 26 ਸਤੰਬਰ 2017 : 7 ਕਿਸਾਨ ਜੱਥੇਬੰਦੀ ਦੇ ਧਰਨੇ ਦੇ ਪੰਜਵੇਂ ਅਤੇ ਆਖਰੀ ਦਿਨ ਔਰਤਾਂ ਸਮੇਤ ਹਜਾਰਾਂ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬੈਂਕਾਂ, ਆਡ਼ਤੀਆਂ, ਸੂਦਖੌਰਾਂ ਦੇ ਕਿਸੇ ਵੀ ਤਰਾਂ ਦੇ ਕਰਜੇ ਦੀ ਜਬਰੀ ਉਗਰਾਹੀ ਨਹੀਂ ਕਰਨ ਦਿੱਤੀ ਜਾਵੇਗੀ।ਇਸਦਾਕਿਸਾਨ ਜੱਥੇਬੰਦੀਆਂ ਡੱਟਵਾ ਵਿਰੋਧ ਕਰਨਗੀਆਂ। ਜੱਥੇਬੰਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਉਪਰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਨਹੀਂ ਕੀਤਾ ਅਤੇ ਨਾ ਹੀ ਕੋਈ ਠੋਸ ਹੱਲ ਪੇਸ਼ ਕੀਤਾ ਹੈ। 7 ਕਿਸਾਨ ਜੱਥੇਬੰਦੀਆਂ ਨੇ ਵੱਡੇ ਇਕੱਠ ਵਿੱਚ ਸੰਕੇਤਕ ਤੌਰ ਤੇ ਪਰਾਲੀ ਦੇ ਢੇਰ ਨੂੰ ਅੱਗ ਲਾ ਕੇ ਐਲਾਨ ਕੀਤਾ ਕਿ ਕਿਸਾਨ ਅਗਲੀ ਫਸਲ ਦੀ ਤਿਆਰੀ ਲਈ ਪਰਾਲੀ ਨੂੰ ਅੱਗ ਲਾਉਣਗੇ। ਆਗੂਆਂ ਨੇ ਕਿਹਾ ਕਿ ਸਰਕਾਰ ਅਵਾਰਾ ਪਸ਼ੂਆਂ ਕੁੱਤਿਆਂ ਦਾ ਪੱਕਾ ਪ੍ਰਬੰਧ ਕਰੇ।ਅਬਾਦਕਾਰ ਕਿਸਾਨਾਂ ਦੀਆਂ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਕਾਸ਼ਤਕਾਰ ਕਿਸਾਨਾਂ ਦੇ ਨਾ ਗਿਰਦਾਵਰੀਆਂ ਕੀਤੀਆਂ ਜਾਣ। ਹਡ਼ ਪੀਡ਼ਤ ਕਿਸਾਨਾਂ ਨੂੰ ਫਸਲਾਂ ਦੀ ਬਰਬਾਦੀ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ। ਨੌਜਵਾਨਾਂ ਲਈ ਰੋਜਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ।
ਕਿਸਾਨਾਂ ਦੇ ਆਗੂਆਂ ਨੇ ਕਿਹਾ ਕਿ ਪੰਜ ਦਿਨ ਚੱਲੇ ਇਸ ਦਿਨ ਰਾਤ ਦੇ ਧਰਨੇ ਵਿੱਚ ਜੋ ਕਿਸਾਨ ਜਖਮੀ ਹੋਏ, ਇੱਕ ਦੀ ਮੌਤ ਵੀ ਹੋਈ, ਅਤੇ ਕੱਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਜੋ ਪਰਸੋ ਜੇਲ ਵਿੱਚੋ ਰਿਹਾ ਹੋ ਕੇ ਸਿੱਧੇ ਧਰਨੇ ਵਿੱਚ ਪਹੁੰਚੇ ਸਨ ਉਨਾਂ ਦਾ ਅਚਾਨਕ ਬਲੱਡ ਪ੍ਰੈਸ਼ਰ ਘਟਣ ਕਰਕੇ ਉਹ ਡਿੱਗ ਪਏ ਸਨ। ਜਿਨਾਂ ਨੂੰ ਰਜਿੰਦਰਾ ਹਸਪਤਾਲ ਤੇ ਬਾਅਦ ਵਿੱਚ ਅਮਰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਬੁਲਾਰਿਆਂ ਨੇ ਉਨਾਂ ਸਾਰੇ ਕਿਸਾਨਾਂ ਦੇ ਜੋ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਰਕਾਰੀ ਤੌਰ ਤੇ ਇਲਾਜ ਕਰਵਾਇਆ ਜਾਵੇ।
ਜੱਥੇਬੰਦੀਆਂ ਦੇ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਮੰਗਾਂ ਮਸਲਿਆਂ ਦੇ ਹੱਲ ਲਈ ਇੱਕ ਮਹੀਨਾ ਦਿੱਤਾ ਜਾਦਾ ਹੈ। 27 ਅਕਤੂਬਰ ਨੂੰ ਜੱਥੇਬੰਦੀਆਂ ਅੰਦੋਲਨ ਦੇ ਅਗਲੇ ਪਡ਼ਾਅ ਦਾ ਐਲਾਨ ਕਰਨਗੀਆਂ। 16 ਸਤੰਬਰ ਤੋਂ ਘਰਾਂ ਵਿੱਚੋਂ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤੇ ਗਏ ਲਗਭਗ 200 ਕਿਸਾਨਾਂ ਨੂੰ 7 ਕਿਸਾਨ ਜੱਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ।
ਵਾਰਾਨਸੀ (ਯੂ.ਪੀ.) ਵਿੱਚ ਭਗਤ ਸਿੰਘ ਕਾਲਜ ਦੇ ਵਿਦਿਆਰਥੀਆਂ ਲਡ਼ਕੀਆਂ ਨਾਲ ਕੀਤੀਆਂ ਜਾਂਦੀਆਂ ਛੇਡ਼ਖਾਨੀਆਂ ਖਿਲਾਫ ਮੁਜਾਹਰਾ ਕਰ ਰਹੇ ਸਨ ਪੁਲਿਸ ਨੇ ਲਾਠੀਚਾਰਜ ਕੀਤਾ। ਜੱਥੇਬੰਦੀਆਂ ਨੇ ਇਸਦੀ ਨਿਖੇਧੀ ਕੀਤੀ । ਇਸ ਮੌਕੇ ਬੀ.ਕੇ.ਯੂ. ਏਕਤਾ ਡਕੌਂਦਾ ਦੇ ਮਨਜੀਤ ਸਿੰਘ ਧੰਨੇਰ, ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਾਰਜ ਸਿੰਘ ਘਰਿਆਲਾ, ਬੀ.ਕੇ.ਯੂ. ਕ੍ਰਾਤੀਕਾਰੀ ਦੇ ਸੁਰਮੁੱਖ ਸਿੰਘ ਸੇਲਬਰਾਹ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਰਿੰਦਰ ਬੈਂਸ ਵੀ ਹਾਜ਼ਰ ਸਨ।