ਜੀ ਐਸ ਪੰਨੂ
ਪਟਿਆਲਾ, 23 ਸਤੰਬਰ 2017 : ਸੱਤ ਕਿਸਾਨ ਜੱਥੇਬੰਦੀਆਂ ਦਾ ਧਰਨਾ ਭਾਰੀ ਮੀਂਹ ਦੇ ਬਾਵਜੂਦ ਪੂਰੇ ਉਤਸ਼ਾਹ ਨਾਲ ਦੂਜੇ ਦਿਨ 'ਚ ਦਾਖਲ ਹੋਇਆ। ਰਾਤ ਭਰ ਮੀਂਹ ਦੇ ਬਾਵਜੂਦ ਅੱਜ ਫਿਰ ਹਜਾਰਾਂ ਕਿਸਾਨ ਧਰਨੇ ਵਾਲੀ ਥਾਂ ਤੇ ਪਹੁੰਚਦੇ ਰਹੇ। ਸਟੇਜ ਦੀ ਕਾਰਵਾਈ 12 ਵਜੇ ਬਕਾਇਦਾ ਰੂਪ 'ਚ ਸ਼ੁਰੂ ਹੋਈ। ਸਾਰੀਆਂ ਹੀ ਸ਼ਾਮਲ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਲੋਕ-ਵਿਰੋਧੀ ਅਤੇ ਕਿਸਾਨ ਮਾਰੂ ਪਹੁੰਚ ਦੀ ਜੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ ਹਰ ਤਰਾਂ ਦੀਆਂ ਰੁਕਾਵਟਾਂ ਅਤੇ ਮੁਸ਼ਕਲਾਂ ਦੇ ਬਾਵਜੂਦ ਕਿਸਾਨ ਧਰਨਾ ਪੂਰੀ ਕਾਮਯਾਬੀ ਨਾਲ ਚੱਲ ਰਿਹਾ ਹੈ। ਬੁਲਾਰਿਆਂ ਨੇ ਪੁਰਜੋਰ ਸ਼ਬਦਾਂ 'ਚ ਕਿਸਾਨੀ ਮੰਗਾਂ ਨੂੰ ਲੈ ਕੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੇ ਬਿੱਲ ਵਧਾਉਣ ਦੀਆਂ ਅਸਿੱਧੇ ਤੌਰ ਤੇ ਕੌਝੇ ਹੱਥਕੰਡੇ ਅਪਣਾ ਰਹੀ ਹੈ ਪਰ ਕਿਸਾਨ ਕਿਸੇ ਵੀ ਤਰਾਂ ਇਸ ਕੋਝੀ ਚਾਲ ਸਿਰੇ ਨਹੀਂ ਲੱਗਣ ਦੇਣਗੇ।
ਕਿਸਾਨ ਜੱਥੇਬੰਦੀਆਂ ਦਾ ਇੱਕ ਵਿਸ਼ੇਸ਼ ਡੈਪੂਟੇਸ਼ਨ ਅੱਜ ਜਿਲਾ ਅਧਿਕਾਰੀਆਂ ਨੂੰ ਮਿਲਿਆ ਅਤੇ ਆਪਣਾ ਰੋਸ ਜਾਹਰ ਕਰਦੇ ਹੋਏ ਅਪੀਲ ਵੀ ਕੀਤੀ ਕਿ ਉਨਾਂ ਨੂੰ ਸ਼ਹਿਰ ਦੇ ਅੰਦਰ ਹੀ ਦਾਣਾ ਮੰਡੀ ਵਾਲੀ ਥਾਂ ਦਿੱਤੀ ਜਾਵੇ ਕਿਉਂਕਿ ਮੰਡੀ ਵਿੱਚ ਸ਼ੈਡ ਤੋਂ ਬਿਨਾਂ ਮੀਂਹ ਵਾਲੇ ਹਾਲਤਾਂ ਵਿੱਚ ਧਰਨਾਕਾਰੀਆਂ ਨੂੰ ਬਹੁਤ ਮੁਸ਼ਕਲ ਆ ਰੀ ਹੈ। ਵਫ਼ਦ ਨੇ ਡੀ.ਸੀ. ਨਾਲ ਜੇਲ ਅੰਦਰ ਬੰਦ ਕਿਸਾਨਾਂ ਨੂੰ ਵੀ ਤੁਰੰਤ ਰਿਹਾ ਕਰਨ ਲਈ ਕਿਹਾ ਅਤੇ ਇਹ ਵੀ ਮੰਗ ਕੀਤੀ ਕਿ ਸ਼ਹਿਰ ਵਿੱਚ ਇੱਕ ਦਿਨ ਰੋਸ ਮੁਜਾਹਰਾ ਕਰਨ ਦਿੱਤਾ ਜਾਵੇ। ਕਿਉਂਕਿ ਕਿਸਾਨ ਵਫ਼ਦ ਦਾ ਸੁਝਾਅ ਹੈ। ਕਿ ਇਹ ਸਾਰੀਆਂ ਪਾਬੰਦੀਆਂ ਗੈਰ ਜਮਹੂਰੀ ਹਨ ਅਤੇ ਸ਼ਹਿਰ ਵਿੱਚ ਦਫਾ 144 ਲਗਾਉਣ ਦੀ ਕੋਈ ਤੁੱਕ ਨਹੀਂ ਬਣਦੀ। ਵਫ਼ਦ ਨੇ ਕੁੱਝ ਨਾਕਿਆਂ ਤੇ ਪੁਲਿਸ ਕਰਮੀਆਂ ਵਲੋਂ ਕਿਸਾਨ ਧਰਨਾਕਾਰੀਆਂ ਨਾਲ ਰੋਕ-ਟੋਕ ਕਰਨ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰਾਂ ਦੀਆਂ ਪ੍ਰੇਸ਼ਾਨੀਆਂ ਨਹੀਂ ਆਉਣੀਆਂ ਚਾਹੀਦੀਆਂ।
ਵਫ਼ਦ ਨੇ ਅਧਿਕਾਰੀਆਂ ਨੂੰ ਕਿਹਾ ਕਿ ਧਰਨੇ ਵਾਲੀ ਜਗਾ ਤੇ ਹਰ ਤਰਾਂ ਦੀਆਂ ਸਹੂਲਤਾਂ ਜਿਵੇਂ ਕਿ ਬਿਜਲੀ, ਪਾਣੀ, ਸਫ਼ਾਈ ਅਤੇ ਦਵਾਈਆਂ ਆਦਿ ਦੀ ਵੀ ਸਵਿਧਾ ਵਧਾਈ ਜਾਵੇ।
ਕਿਸਾਨ ਜੱਥੇਬੰਦੀਆਂ ਦੇ ਵਿਸ਼ਾਲ ਧਰਨੇ ਵਿੱਚ ਲਗਾਤਾਰ ਗੀਤ, ਕਵਿਤਾਵਾਂ, ਅਤੇ ਭਾਸ਼ਣ ਜਾਰੀ ਰਹਿੰਦੇ ਹਨ। ਹਰ ਥਾਂ ਲੰਗਰਾਂ ਦਾ ਉਤਸ਼ਾਹ ਅਤੇ ਪ੍ਰਬੰਧ ਵੇਖਣ ਯੋਗ ਹੀ ਬਣਦਾ ਹੈ। ਮੇਲੇ ਵਰਗਾ ਮਹੌਲ ਦੁਸ਼ਹਿਰੇ ਦਾ ਤਿਉਹਾਰ ਹੋਣ ਦਾ ਭੁਲੇਖਾ ਪਾਉਂਦਾ ਹੈ।
ਸਤ ਕਿਸਾਨ ਜੱਥੇਬੰਦੀਆਂ ਦੇ ਆਹੁਦੇਦਾਰਾਂ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਉਭਾਰਦੇ ਹੋਏ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਘੌਲਾ/ਸੰਘਰਸ਼ਾਂ ਨੂੰ ਹੋਰ ਤੇਜ ਕੀਤਾ ਜਾਵੇਗਾ। ਸਟੇਜ਼ ਸਕੱਤਰ ਦੀ ਜਿੰਮੇਵਾਰੀ ਮਨਜੀਤ ਸਿੰਘ ਧਨੇਠਾ, ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਬਾਖੂਬੀ ਨਿਭਾਈ। ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੂਰਜ ਗਿੱਲ, ਸੁਖਦੇਵ ਸਿੰਘ ਕੌਕਰੀ ਜਨਰਲ ਸਕੱਤਰ ਕਿਸਾਨ ਯੂਨੀਅਨ ਉਗਰਾਹਾਂ, ਜਿਲਾ ਪ੍ਰਧਾਨ ਹਰਵਿੰਦਰ ਕੌਰ ਬਿੰਦੂ, ਕ੍ਰਾਂਤੀਕਾਰੀ ਪੰਜਾਬ ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਸੁਰਮੁੱਖ ਸਿੰਘ ਸੇਲਵਰਾਹ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਿਰਭੈ ਸਿੰਘ ਢੁਡੀਕੇ, ਸੰਤੋਖ ਸਿੰਘ ਤੱਗੜ, ਆਦਿ ਹਾਜਰ ਸਨ।
ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਧਰਨੇ ਵਿੱਚ ਦੋ ਕਿਸਾਨਾਂ ਦੀ ਅਚਾਨਕ ਹਾਲਤ ਵਿਗੜਨ ਕਰਕੇ ਉਨਾਂ ਨੂੰ ਮੌਕੇ ਤੇ ਡਾਕਟਰੀ ਸਹੂਲਤ ਨਾ ਮਿਲਣ ਕਰਕੇ ਉਨਾਂ ਵਿਚੋਂ ਇੱਕ ਮੁਖਤਿਆਰ ਸਿੰਘ (55 ਸਾਲ) ਜਿਲਾ ਮਾਨਸਾ ਦੇ ਪਿੰਡ ਅਕਾਈ ਦੇ ਪ੍ਰਧਾਨ ਦੀ ਮੌਤ ਹੋ ਗਈ। ਜਿਸ ਨੂੰ ਸਟੇਜ ਤੋਂ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਦੂਸਰਾ ਕਿਸਾਨ ਜੇਰੇ ਇਲਾਜ ਹੈ। ਬੁਲਾਰਿਆਂ ਨੇ ਇਸ ਘਟਨਾ ਲਈ ਸਰਕਾਰ ਨੂੰ ਪੂਰੀ ਤਰਾਂ ਜਿੰਮੇਵਾਰੀ ਠਹਿਰਾਇਆ ਹੈ।