ਜੀ ਐਸ ਪੰਨੂ
ਪਟਿਆਲਾ, 23 ਸਤੰਬਰ 2017 : ਭੀਖ ਮੰਗਣਾ ਅਤੇ ਭੀਖ ਦੇਣਾ ਸਮਾਜ ਦੀ ਸਭ ਤੋਂ ਵੱਡੀ ਬੁਰਾਈ ਹੈ ਜਿਹੜਾ ਕਿ ਬੰਦੇ ਨੂੰ ਨਿਕੰਮਾ ਕਰ ਦਿੰਦੀ ਹੈ ਅਤੇ ਉਸ ਨੂੰ ਹੋਰਾਂ ਦੇ ਸਹਾਰੇ ਛੱਡ ਦਿੰਦੀ ਹੈ। ਭੀਖ ਮੰਗਣਾ ਇੱਕ ਅਜਿਹੀ ਬੁਰੀ ਲਤ ਹੈ ਜਿਸ ਵਿੱਚ ਉਲਝ ਕੇ ਵਿਅਕਤੀ ਆਪਣੀ ਅਗਲੀ ਪੀੜੀ ਨੂੰ ਵੀ ਭਿਖਾਰੀ ਹੀ ਬਣਾ ਦਿੰਦਾ ਹੈ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ ਨੇ ਮਿੰਨੀ ਸਕੱਤਰੇਤ ਵਿਖੇ ਭੀਖ ਮੰਗਣ ਦੇ ਖ਼ਿਲਾਫ ਸੰਦੇਸ਼ ਦੇਣ ਲਈ 17 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੱਢ ਰਹੇ ਆਸ਼ੀਸ਼ ਸ਼ਰਮਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮੌਕੇ ਕਹੇ।
ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਭੀਖ ਮੰਗਣ ਦੇ ਖ਼ਿਲਾਫ ਸੰਦੇਸ਼ ਦੇਣਾ ਅਤੇ ਲੋਕਾਂ ਨੂੰ ਇਸ ਸਮਾਜਿਕ ਬੁਰਾਈ ਪ੍ਰਤੀ ਜਾਗਰੂਕ ਕਰਨਾ ਪ੍ਰਸੰਸਾਯੋਗ ਕੰਮ ਹੈ। ਉਹਨਾਂ ਨੇ ਮਕੈਨੀਕਲ ਇੰਜੀਨੀਅਰ ਦੀ ਨੌਕਰੀ ਛੱਡ ਸਮਾਜਿਕ ਬੁਰਾਈਆ ਖਿਲਾਫ ਪੈਦਲ ਯਾਤਰਾ ਕੱਢ ਰਹੇ ਆਸ਼ੀਸ਼ ਸ਼ਰਮਾ ਦੇ ਹੌਸਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ ਖੱਟਕੜ ਕਲਾਂ ਤੋਂ ਰਵਾਨਾ ਹੋ ਕੇ 17 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਸਵਰਗੀ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਦੇ ਪਿੰਡ ਰਾਮੇਸ਼ਵਰਮ ਨੇੜੇ ਪੁੱਜਣਾ ਵੱਡੀ ਹਿੰਮਤ ਦਾ ਕੰਮ ਹੈ ਜਿਸ ਵਿੱਚ ਮੌਸਮ ਅਤੇ ਹੋਰ ਕਈ ਤਰਾਂ ਦੀਆਂ ਸਮਸਿਆਵਾਂ ਪੇਸ਼ ਆਉਂਣੀਆ ਤੈਅ ਹਨ ਪਰ ਜੋ ਕੰਮ ਇਹ ਨੌਜਵਾਨ ਕਰਨ ਜਾ ਰਿਹਾ ਹੈ ਉਹ ਵੀ ਬਹੁਤ ਵੱਡਾ ਹੈ।
ਇਸ ਮੌਕੇ ਅਸ਼ੀਸ਼ ਸ਼ਰਮਾ ਨੇ ਕਿਹਾ ਕਿ ਉਹ ਬਿਨਾਂ ਕਿਸੇ ਯੋਜਨਾ ਅਤੇ ਨਕਸ਼ੇ ਤੋਂ ਪੈਦਲ ਯਾਤਰਾ ਕਰ ਰਹੇ ਹਨ ਇਸ ਕਰਕੇ ਕੁਝ ਪਰੇਸ਼ਾਨੀਆਂ ਜ਼ਰੂਰ ਸਾਹਮਣੇ ਆ ਰਹੀਆਂ ਹਨ ਪਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਮੌਜੂਦ ਪ੍ਰਸ਼ਾਸ਼ਨ ਦਾ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਹੁਣ ਤੱਕ ਉਹ ਕਰੀਬ ਇੱਕ ਹਜ਼ਾਰ ਕਿਲੋਮੀਟਰ ਦੀ ਯਾਤਰਾ ਪੂਰੀ ਕਰ ਚੁੱਕੇ ਹਨ। 22 ਅਗਸਤ ਤੋਂ ਸ਼ੁਰੂ ਹੋਈ ਇਸ ਯਾਤਰਾ ਵਿੱਚ ਉਹ ਪਟਿਆਲਾ ਜ਼ਿਲੇ ਵਿੱਚ ਕਰੀਬ ਇੱਕ ਸੌ ਕਿਲੋਮੀਟਰ ਪੈਦਲ ਚੱਲਣਗੇ ਅਤੇ ਲੋਕਾਂ ਨੂੰ ਮਿਲ ਕੇ ਭੀਖ ਮੰਗਣ ਖਿਲਾਫ ਸੰਦੇਸ਼ ਦੇਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ੌਕਤ ਅਹਿਮਦ ਪਰੇ, ਸਹਾਇਕ ਕਮਿਸ਼ਨਰ ਟ੍ਰੇਨੀ ਆਈ.ਏ.ਐਸ. ਸ੍ਰੀ ਅਮਿਤ ਕੁਮਾਰ ਪੰਚਾਲ, ਜ਼ਿਲਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਅਨੀਤਾਪ੍ਰੀਤ ਕੌਰ, ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਸ਼ਾਇਨਾ ਕਪੂਰ, ਐਸ.ਪੀ.ਸਿਟੀ. ਸ੍ਰੀ ਕੇਸਰ ਸਿੰਘ, ਡਾ.ਬਲਵੀਰ ਸਿੰਘ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ।