ਪਟਿਆਲਾ, 21 ਸਤੰਬਰ 2017 : ਬੜੇ ਦੁੱਖ ਦੀ ਗੱਲ ਹੈ ਕਿ ਕਰਜ਼ਿਆਂ ਤੇ ਖੁਦਕਸ਼ੀਆਂ ਦੀ ਮਾਰ ਹੇਠ ਦੱਬੇ-ਕੁਚਲੇੇ ਪੰਜਾਬ ਦੇ ਕਿਸਾਨ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੁਲੀਸ ਦਾ ਜਬਰ ਢਾਉਂਣਾ ਸ਼ੁਰੂ ਕਰ ਦਿੱਤਾ ਹੈ।ਕੈਪਟਨ ਆਪਣੇ ਚੋਣ ਵਾਅਦੇ ਪੂਰੇ ਕਰਨ ਦੀ ਬਜਾਏ, ਕਿਸਾਨਾਂ ਦੇ ਅੰਦੋਲਨਾਂ ਨੂੰ ਪੁਲੀਸ ਦੀਆਂ ਡਾਂਗਾਂ ਨਾਲ ਕੁਚਲਣਾ ਚਾਹੁੰਦਾ ਹੈ। ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਕੁਚਲਣ ਲਈ ਸਾਰਾ ਪਟਿਆਲਾ ਸ਼ਹਿਰ ਹੀ ਪੁਲੀਸ ਦੀ ਛਾਊਂਣੀ ਵਿੱਚ ਤਬਦੀਲ ਕਰ ਦਿੱਤਾ ਹੈ।ਪਰ ਕਿਸਾਨ ਦੀ ਇਸ ਔਖੀ ਘੜੀ ਵਿੱਚ ਅਸੀਂ ਸਭ, ਪੰਜਾਬ ਦੇ ਕਿਸਾਨ ਦੇ ਨਾਲ ਹਾਂ ਤੇ ਕਿਸਾਨ ਜੱਥੇਬੰਦੀਆਂ ਦੀਆਂ ਸਾਰੀਆਂ ਹੱਕੀ ਮੰਗਾਂ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ।
ਕਾਂਗਰਸ ਪਾਰਟੀ ਨੇ ਪੰਜਾਬ ਅਸੈਂਬਲੀ ਦੀਆਂ ਆਮ ਚੋਣਾਂ ਸਮੇ ਆਪਣੇ ਚੋਂਣ ਮਨੋਰਥ ਪੱਤ੍ਰ ਵਿੱਚ, ਪੰਜਾਬ ਦੇ ਕਿਸਾਨ ਦੇ ਸਾਰੇ ਕਰਜੇ ਮੁਆਫ਼ ਕਰਨ ਦੀ ਗੱਲ ਕਹੀ ਸੀ, ਜੋ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਸਾਰੀਆਂ ਚੋਂਣ ਰੈਲੀਆਂ ਵਿੱਚ ਅੱਡੀਆਂ ਚੁੱਕ-ਚੁੱਕ ਕੇ, ਹਰ ਜਗਾ ਦੁਹਰਾਈ ਹੈ। ਕਿਸਾਨਾਂ ਨੇ ਅਮਰਿੰਦਰ ਸਿੰਘ ਤੇ ਵਿਸ਼ਵਾਸ਼ ਕਰਕੇ ਆਪਣੀਆ ਸਾਰੀਆਂ ਵੋਟਾਂ ਕਾਂਗਰਸ ਦੇ ਹੱਕ ਵਿੱਚ ਪਾ ਦਿੱਤੀਆਂ ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾ ਦਿੱਤੀ।ਪਰ ਜ਼ੁਲਮ ਦੀ ਗੱਲ ਹੈ, ਕਿ ਸਰਕਾਰ ਬਣਨ ਸਾਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਆਪਣੇ ਬਚਨ ਪੁਗਾਊਂਣ ਦੀ ਬਜਾਏ, ਇੱਕ-ਇੱਕ ਕਰਕੇ ਹਰ ਵਾਅਦੇ ਤੋਂ ਮੁੱਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਅੱਜ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਠਗਿਆ-ਠਗਿਆ ਮਹਿਸੂਸ ਕਰ ਰਿਹਾ ਹੈ।ਅੱਜ ਕਾਂਗਰਸ ਪਾਰਟੀ ਦਾ ਸਮੁੱਚਾ ਚੋਂਣ ਮਨੋਰਥ ਪੱਤ੍ਰ ਹੀ, ਇੱਕ ਵੱਡੀ ਰਾਜਸੀ ਠੱਗੀ ਦਾ ਦਸਤਾਵੇਜ ਬਣ ਕੇ ਰਹਿ ਗਿਆ ਹੈ। ਮੇਰਾ ਮੰਨਣਾ ਹੈ ਕਿ ਲੋਕਾਂ ਨਾਲ ਇਸ ਕਿਸਮ ਦੇ ਛਲਾਵੇ ਕਰਕੇ, ਫੇਰ ਪੁਲਿਸ ਦੀਆਂ ਡਾਂਗਾਂ ਦੀ ਧੌਂਸ ਤੇ ਜਬਰ ਨਾਲ ਲੋਕ ਅੰਦੋਲਨਾਂ ਨੂੰ ਦਬਾਇਆਂ ਨਹੀਂ ਜਾ ਸਕਦਾ। ਜੇ ਬੰਦੇ ਦੇ ਪੁੱਤਰ ਹੋ, ਤਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੋ, ਜਾਂ ਗੱਦੀ ਛੱਡ ਕੇ ਲਾਂਭੇ ਹੋ ਜਾਓ।ਪੰਜਾਬ ਦੇ ਕਿਸਾਨ ਤੇ ਆਵਾਮ ਹੁਣ ਚੁੱਪ ਕਰਕੇ ਨਹੀਂ ਬੈਠਣਗੇ। ਪਰਜਾਤੰਤਰ ਵਿੱਚ, ਆਪਣੀਆਂ ਹੱਕੀ ਮੰਗਾ ਲਈ ਸ਼ਾਤਮਈ ਅੰਦੋਲਨ ਕਰਨਾਂ, ਕਿਸਾਨ ਜਥੇਬੰਦੀਆਂ ਦਾ ਜਮਹੂਰੀ ਹੱਕ ਹੈ, ਜਿਸ ਤੇ ਡਾਕਾ ਨਹੀਂ ਮਾਰਿਆ ਜਾ ਸਕਦਾ ਤੇ ਨਾ ਹੀ ਜ਼ੁਲਮ ਤੇ ਜਬਰ ਨਾਲ ਦਬਾਇਆ ਜਾ ਸਕਦਾ ਹੈ।
ਬਣਦਾ ਤਾਂ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਮੋਤੀ ਮਹਿਲ ਵਿੱਚ ਪੁੱਜ ਕੇ, 22 ਸਤੰਬਰ ਨੂੰ ਪਟਿਆਲੇ ਪੁੱਜ ਰਹੇ ਸਾਰੇ ਕਿਸਾਨਾਂ ਲਈ ਲਈ ਲੰਗਰ-ਪਾਣੀਂ ਦਾ ਪ੍ਰਬੰਧ ਕਰਦੇ ਤੇ ਆਪਣੀ ਪਿਤਾ-ਪੁਰਖੀ ਮਰਿਆਦਾ ਅਨੁਸਾਰ, ਮਾਈ ਫਤਿਹ ਕੌਰ ਦੀ ਤਰ੍ਹਾਂ ਸਭ ਨੂੰ, ਆਪਣੇ ਹੱਥੀਂ ਲੰਗਰ ਪਾਣੀ ਛਕਾਊਂਦੇ, ਕਿਉਂਕਿ ਪੰਜਾਬ ਦਾ ਕਿਸਾਨ ਉਸਦੇ ਦੂਸਰੀ ਵਾਰੀ ਮੁੱਖ ਮੰਤਰੀ ਬਣਨ ਤੋਂ ਬਾਦ, ਪਹਿਲੀ ਵਾਰੀ ਏਨੀ ਵੱਡੀ ਗਿਣਤੀ ਵਿੱਚ ਮੋਤੀ ਮਹਿਲ, ਪਟਿਆਲਾ ਪੁੱਜ ਰਿਹਾ ਹੈ, ਕ੍ਰਿਪਾ ਕਰਕੇ ਰੱਬ ਦੇ ਵਾਸਤੇ ਪੰਜਾਬ ਦੇ ਬਰਬਾਦ ਹੋ ਚੁੱਕੇ ਕਿਸਾਨ ਦਾ, ਪੁਲਿਸ ਦੀਆਂ ਡਾਂਗਾਂ ਨਾਲ ਸਵਾਗਤ ਨਾ ਕਰੋ। ਜੇ ਆਪਣੇ ਆਪ ਨੂੰ 'ਲੋਕਾਂ ਦਾ ਮਾਹਰਾਜਾ' ਕਹਾਉਂਣ ਦਾ ਸ਼ੌਕ ਹੈ ਤਾਂ ਦਿਲ ਖੋਲ੍ਹ ਕੇ ਕਿਸਾਨ ਦਾ ਮੋਤੀ ਬਾਗ ਵਿੱਚ ਸਵਾਗਤ ਕਰੋ, 'ਮੋਤੀ ਬਾਗ' ਦੇ ਬੂਹੇ ਚਪਾਟ ਖੁੱਲ੍ਹੇ ਰੱਖਕੇ, ਪੰਜਾਬ ਦੀ ਕਿਸਾਨਾਂ ਦੇ ਦਰਦਾਂ ਦੀ ਦਾਸਤਾਨ ਸੁਣੋ, ਉਨ੍ਹਾਂ ਦੇ ਅੱਲੇ ਫੱਟਾਂ ਤੇ ਪੁਲਿਸ ਦੀਆਂ ਡਾਂਗਾਂ ਦੀ ਬੁਛਾੜ ਦੀ ਮੱਲ੍ਹਮ ਪੱਟੀ ਨਾ ਕਰੋ, ਰੱਬ ਦੇ ਕਹਿਰ ਤੋਂ ਡਰੋ, ਤੇ ਮੇਰੀਆਂ ਇਹ ਸਤਰਾਂ ਚਿਤਾਵਨੀਂ ਦੇ ਤੌਰ ਤੇ ਚੇਤੇ ਰੱਖੋ ;
"ਕੈਪਟਨ ਅਮਰਿੰਦਰ ਸਿੰਘ, ਕਿਸਾਨ ਕੋ ਮੱਤ ਸਤਾ, ਕਿਸਾਨ ਰੋ ਦੇ ਗਾ,
ਅਗਰ ਉਸ ਕੀ ਊਪਰ ਵਾਲੇ ਨੇ ਸੁਨ ਲੀ, ਤੋ ਵੋਹ ਤੁਝੇ, ਦੋਨੋ ਜਹਾਨ ਸੇ ਖੋ ਦੇਗਾ"