ਚੰਡੀਗੜ੍ਹ, 20 ਸਤੰਬਰ, 2017 :ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸ. ਇਕਬਾਲ ਸਿੰਘ ਲਾਲਪੁਰਾ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦਿੱਲੀ ਵਿਖੇ ਪੰਜਾਬ ਦੇ ਦੋ ਨੌਜਵਾਨਾਂ ਨਾਲ ਹੋਈ ਮਾਰਕੁੱਟ ਦੇ ਮਾਮਲੇ ਵਿਚ ਉਕਤ ਦੋਸ਼ੀ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਹਸਪਤਾਲ ਵਿਚ ਜ਼ੇਰੇ ਇਲਾਜ਼ ਸਿੱਖ ਨੌਜਵਾਨ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।
ਸ. ਲਾਲਪੁਰਾ ਨੇ ਦੱਸਿਆ ਕਿ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਸਰਦਾਰ ਨੌਜਵਾਨਾਂ ਨਾਲ ਹੋਈ ਮਾਰਕੁਟ ਅਤੇ ਪੁਲਸ ਵੱਲੋਂ ਉਕਤ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਵੱਜੋਂ ਭਾਰੀ ਰੋਸ ਦਿਖ ਰਿਹਾ ਹੈ। ਉਨ੍ਹਾਂ ਦਿੱਲੀ ਪੁਲੀਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਰਸੁਖਦਾਰ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਜੇਕਰ ਦਿੱਲੀ ਪੁਲੀਸ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਦਿੱਸੀ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਇਸ ਮਾਮਲੇ ਦੀ ਸ਼ਿਕਾਇਤ ਦਿੱਲੀ ਦੇ ਗਵਰਨਰ ਕੋਲ ਕਰੇਗੀ।
ਇਸ ਮੌਕੇ ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਕੀਤਾ ਕਿ ਜੇਕਰ ਦਿੱਲੀ ਵਿਚ ਉਨ੍ਹਾਂ ਦੇ ਸਰਕਾਰ ਵਿਚ ਰਹਿਣ ਦੇ ਬਾਵਜੂਦ ਸਰਦਾਰਾਂ ਨਾਲ ਅੱਧੀ ਰਾਤ ਨੂੰ ਅਜਿਹੀ ਮੰਦਭਾਗੀ ਘਟਨਾ ਜਿਸ ਵਿਚ ਉਨ੍ਹਾਂ ਨਾਲ ਮਾਰਕੁਟ ਅਤੇ ਉਨ੍ਹਾਂ ਦੇ ਸਿੱਖ ਧਰਮ ਬਾਰੇ ਮਾੜਾ ਬੋਲਣ ਵਾਲੇ ਹਾਲੇ ਤੱਕ ਪੁਲੀਸ ਗ੍ਰਿਫਤ ਤੋਂ ਬਾਹਹ ਹਨ, ਤਾਂ ਅਜਿਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਸਿੱਖਾਂ ਦੀ ਹਿਮਾਇਤੀ ਬਨਣ ਦੀ ਕੋਈ ਲੋੜ ਨਹੀਂ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਦੋ ਨੌਜਵਾਨ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਦਿੱਲੀ ਵਿਖੇ 'ਫੁੱਟਪਾਥ 'ਤੇ ਜੀਵਨ' ਸਬੰਧੀ ਵਿਸ਼ੇ 'ਤੇ ਇਕ ਡਾਕੂਮੈਂਟਰੀ ਤਿਆਰ ਕਰ ਰਹੇ ਸਨ। ਇਸ ਡਾਕੂਮੈਂਟਰੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਉਹ ਰਾਤ ਦੇ ਸਮੇਂ ਅਪਣੇ ਮੋਟਰ ਸਾਈਕਲ 'ਤੇ ਦਿੱਲੀ ਦੀ ਸੜਕਾਂ 'ਤੇ ਸੀਨ ਸ਼ੂਟ ਕਰ ਰਹੇ ਸੀ, ਜਿੱਥੇ ਉਨ੍ਹਾਂ ਨੂੰ ਭੁੱਖ ਲੱਗੀ ਅਤੇ ਉਹ ਨੇੜੇ ਲੱਗਦੀ ਰੇਹੜੀ 'ਤੇ ਪਰਾਂਠੇ ਖਾਣ ਲਈ ਖੜੇ ਸਨ। ਉਥੇ ਉਨ੍ਹਾਂ ਦੇਖਿਆ ਕਿ ਕਈ ਸ਼ਰਾਬੀ ਵਿਅਕਤੀ ਇਕ ਕਮਜ਼ੋਰ ਜਿਹੇ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਰਹੇ ਸਨ, ਜਿਸਨੂੰ ਉਨ੍ਹਾਂ ਦੋਵੇਂ ਪੰਜਾਬੀਆਂ ਮੁੰਡਿਆਂ ਨੇ ਛੁਡਾਉਣ ਦਾ ਫੈਸਲਾ ਕੀਤਾ ਅਤੇ ਉਸਨੂੰ ਉਕਤ ਵਿਅਕਤੀਆਂ ਤੋਂ ਛੁਡਾ ਵੀ ਲਿਆ। ਇਸ ਦੌਰਾਨ ਉਕਤ ਸ਼ਰਾਬੀ ਵਿਅਤੀਆਂ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ। ਇਨ੍ਹਾਂ ਨੂੰ ਟੱਕਰ ਮਾਰਨ ਤੋਂ ਬਾਅਦ ਉਕਤ ਸ਼ਰਾਬੀ ਵਿਅਕਤੀਆਂ ਨੇ ਉਥੇ ਖੜੀ ਅੋਲਾ ਕੰਪਨੀ ਦੀ ਟੈਕਸੀ ਅਤੇ ਆਟੋ ਨੂੰ ਵੀ ਖਦੇੜਿਆ ਅਤੇ ਉਕਤ ਸਰਦਾਰ ਵਿਅਕਤੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਗਲਤ ਬੋਲਿਆ। ਉਕਤ ਦੋਵੇਂ ਸਰਦਾਰ ਨੌਜਵਾਨਾਂ ਨੂੰ ਉਥੇ ਮੌਜੂਦ ਲੋਕਾਂ ਨੇ ਚੁੱਕਕੇ ਹਸਪਤਾਲ ਪਹੁੰਚਾਇਆ, ਜਿੱਥੇ ਅੱਜ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਦਮ ਤੋੜ ਦਿੱਤਾ।