ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਮੌਸਮੀ ਬਦਲਾਅ ਵਿਭਾਗ ਦੇ ਵਧੀਕ ਸਕੱਤਰ ਡਾ. ਅਮਿਤਾ ਪ੍ਰਸ਼ਾਦ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਮੈਂਬਰਾਂ ਨਾਲ ਜਿਲਾ ਫਤਹਿਗੜ੍ਹ ਸਾਹਿਬ ਦੇ ਪਿੰਡ ਚੋਲ੍ਹਟੀ ਖੇੜੀ ਵਿਖੇ ਸਾਢੇ ਤਿੰਨ ਏਕੜ ਵਿੱਚ ਫੈਲੇ ਵਿਸ਼ਾਲ ਬੋਹੜ ਦੇ ਦਰਖਤ ਦਾ ਨਰੀਖਣ ਕਰਦੇ ਹੋਏ।
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 20 ਸਤੰਬਰ, 2017 : ਜੈਵਿਕ ਵਿਭਿੰਨਤਾ ਵਾਲੇ ਖੁਸ਼ਹਾਲ ਖੇਤਰਾਂ ਦੇ ਮੌਜੂਦਾ ਰਾਖਵੇ ਖੇਤਰਾਂ ਦੀ ਪ੍ਰਭਾਵੀ ਹਿਫਾਜ਼ਤ ਅਤੇ ਪ੍ਰਬੰਧਨ ਲਈ ਲੋਕਾਂ ਦੇ ਸੰਭਾਵਤ ਯੋਗਦਾਨ ਦੀ ਪਹਿਚਾਣ ਕਰਕੇ, ਪੰਜਾਬ ਜੈਵਿਕ ਵਿਭਿੰਨਤਾ ਬੋਰਡ (ਪੀ.ਬੀ.ਬੀ.) ਵੱਲੋਂ ਰਾਜ ਦੇ ਜੈਵਿਕ ਵਿਭਿੰਨਤਾ ਭਰਪੂਰ ਵਾਲੇ ਸਥਾਨਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੀ ਸੁਰੱਖਿਆ ਤੇ ਪ੍ਰਬੰਧਾਂ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਜੈਵਿਕ ਵਿਭਿੰਨਤਾ ਕਾਨੂੰਨ (ਬੀ.ਡੀ.ਏ.), 2002 ਦੀ ਧਾਰਾ 37 ਅਧੀਨ ਬੋਰਡ ਵੱਲੋਂ ਰਾਜ ਵਿੱਚ 6 ਸੰਭਾਵਤ ਜੈਵਿਕ ਵਿਭਿੰਨਤਾ ਭਰਪੂਰ ਵਿਰਾਸਤੀ ਥਾਵਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਚੋਲ੍ਹਟੀ ਖੇੜੀ ਵਿਖੇ ਸਾਢੇ ਤਿੰਨ ਏਕੜ ਨਿੱਜੀ ਰਕਬੇ ਵਿੱਚ ਫੈਲਿਆ ਕਰੀਬ 300 ਸਾਲ ਪੁਰਾਣਾ ਬੋਹੜ ਦਾ ਦਰਖਤ ਸ਼ਾਮਲ ਹੈ। ਬੋਹੜ ਦਾ ਇਹ ਵਿਸ਼ਾਲ ਦਰਖਤ ਕੁਦਰਤ ਦੇ ਸੰਪੂਰਨ ਈਕੋ ਸਿਸਟਮ ਦੀ ਇੱਕ ਮਿਸਾਲ ਹੈ, ਜਿਸ ਵਿੱਚ ਸਾਡੇ ਰਾਸ਼ਟਰੀ ਪੰਛੀ ਮੋਰ ਤੋਂ ਇਲਾਵਾ ਉਲੂ ਅਤੇ ਕਈ ਹੋਰ ਪੰਛੀਆਂ ਦਾ ਵਾਸ ਹੈ। ਇਸ ਵਿੱਚ ਕਈ ਤਰ੍ਹਾਂ ਦੇ ਸੱਪ, ਛਿਪਕਲੀਆਂ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸੂਖਮ ਜੀਵ ਜੰਤੂਆਂ ਨੇ ਆਪਣੇ ਘਰ ਬਣਾਏ ਹੋਏ ਹਨ। ਇਸ ਜਗ੍ਹਾਂ ਦੀ ਸਾਂਭ ਸੰਭਾਲ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਦੇ ਸਹਿਯੋਗ ਨਾਲ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਇਸ ਵਿਸ਼ੇਸ਼ ਜੈਵਿਕ ਵਿਭਿੰਨਤਾ ਭਰਪੂਰ ਸਥਾਨ ਨੂੰ ਵੇਖਣ ਲਈ ਅਤੇ ਇਸ ਦੀ ਸੁਚੱਜੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਨਰੀਖਣ ਕਰਨ ਵਾਸਤੇ ਪੁੱਜੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਮੌਸਮੀ ਬਦਲਾਅ ਵਿਭਾਗ ਦੇ ਵਧੀਕ ਸਕੱਤਰ ਡਾ. ਅਮਿਤਾ ਪ੍ਰਸ਼ਾਦ ਨੇ ਦਿੱਤੀ। ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ, ਡਾ. ਜਤਿੰਦਰ ਕੌਰ ਅਰੋੜਾ ਮੈਂਬਰ ਸਕੱਤਰ ਪੰਜਾਬ ਜੈਵਿਕ ਵਿਭਿੰਨਤਾ ਬੋਰਡ, ਸੀਨੀਅਰ ਵਿਗਿਆਨਕ ਅਫਸਰ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਡਾ. ਗੁਰਹਰਮਿੰਦਰ ਸਿੰਘ ਅਤੇ ਪਿੰਡ ਪੱਧਰੀ ਜੈਵਿਕ ਵਿਭਿੰਨਤਾ ਕਮੇਟੀ ਦੇ ਚੇਅਰਮੈਨ ਤੇ ਸਰਪੰਚ ਗੁਰਵਿੰਦਰ ਸਿੰਘ ਵੀ ਸ਼ਾਮਲ ਸਨ।
ਇਸ ਮੌਕੇ ਡਾ. ਪ੍ਰਸ਼ਾਦ ਨੇ ਇਸ ਦਰਖਤ ਦੀ ਸੰਭਾਲ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਤਕਨੀਕੀ ਮਾਰਗ ਦਰਸ਼ਨ ਅਧੀਨ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਤਹਿਗੜ੍ਹ ਸਾਹਿਬ ਅਤੇ ਸਥਾਨਕ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਦੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਜੈਵਿਕ ਵਿਭਿੰਨਤਾ ਭਰਪੂਰ ਸਥਾਨ ਦੀ ਕੀਤੀ ਜਾ ਰਹੀ ਸੁਚੱਜੀ ਸਾਂਭ ਸੰਭਾਲ ਨੂੰ ਪੂਰੇ ਦੇਸ਼ ਵਿੱਚ ਚੋਲ੍ਹਟੀ ਖੇੜੀ ਦੇ ਲੋਕਾਂ ਵੱਲੋਂ ਲੰਮੇ ਅਰਸੇ ਤੋਂ ਇਸ ਵਿਲੱਖਣ ਸਥਾਨ ਨੂੰ ਸੰਭਾਲ ਕੇ ਰੱਖਣ ਦੀ ਪ੍ਰੰਪਰਾ ਪੂਰੇ ਦੇਸ਼ ਦੇ ਲੋਕਾਂ ਲਈ ਇੱਕ ਪ੍ਰੇਰਨਾ ਸਰੋਤ ਹੋਵੇਗੀ। ਉਨ੍ਹਾਂ ਇਸ ਮੌਕੇ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਯਕੀਨ ਦਿਵਾਇਆ ਕਿ ਵਾਤਾਵਰਣ ਦੀ ਸਾਂਭ ਸੰਭਾਲ ਵਾਸਤੇ ਚੋਲ੍ਹਟੀ ਖੇੜੀ ਦੇ ਇਸ ਮਾਡਲ ਨੂੰ ਪੂਰੇ ਦੇਸ਼ ਵਿੱਚ ਪ੍ਰਚਲਤ ਕਰਨ ਵਾਸਤੇ ਢੁਕਵੇਂ ਕਦਮ ਚੁੱਕੇ ਜਾਣਗੇ।
ਪਿੰਡ ਚੋਲ੍ਹਟੀ ਖੇੜੀ ਵਿਖੇ ਕਰੀਬ 3.5 ਏਕੜ ਨਿੱਜੀ ਰਕਬੇ ਵਿੱਚ ਫੈਲੇ ਤੇ ਲਗਭਗ 300 ਸਾਲ ਪੁਰਾਣੇ ਬੋਹੜ ਦੇ ਦਰਖਤ ਦਾ ਦ੍ਰਿਸ਼
ਇਸ ਮੌਕੇ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੀ ਮੈਂਬਰ ਸਕੱਤਰ ਡਾ. ਜਤਿੰਦਰ ਕੌਰ ਅਰੋੜਾ ਨੇ ਦੱਸਿਆ ਕਿ ਬੋਰਡ ਵੱਲੋਂ ਪਹਿਲਾਂ ਹੀ ਇਸ ਬੋਹੜ ਦੇ ਦਰਖਤ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਹਿਲੇ ਜੈਵਿਕ ਵਿਭਿੰਨਤਾ ਸਥਾਨ ਵਜੋਂ ਘੋਸ਼ਤ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੈਵਿਕ ਵਿਭਿੰਨਤਾ ਕਾਨੂੰਨ -2002 ਅਤੇ ਪੰਜਾਬ ਜੈਵਿਕ ਵਿਭਿੰਨਤਾ ਨਿਯਮ-2016 ਦੇ ਨਿਯਮ 7 ਅਨੁਸਾਰ ਪਿੰਡ ਦੀ ਪੰਚਾਇਤ ਵੱਲੋਂ ਵੀ ਇਸ ਦਰਖਤ ਨੂੰ ਜੈਵਿਕ ਵਿਭਿੰਨਤਾ ਭਰਪੂਰ ਸਥਾਨ ਅਧਿਸੂਚਿਤ ਕਰਨ ਵਾਸਤੇ ਮਤਾ ਪਾਸ ਕਰਕੇ ਬੋਰਡ ਨੂੰ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬੋਰਡ ਵੱਲੋਂ ਇਸ ਦਰਖਤ ਦੀ ਸੰਭਾਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਪਿੰਡ ਦਾ ਲੋਕ ਜਨ ਹਿਤ ਜੈਵਿਕ ਰਜਿਸਟਰ ਵੀ ਤਿਆਰ ਕਰ ਲਿਆ ਗਿਆ ਹੈ।
ਇਸ ਮੌਕੇ ਬੋਰਡ ਦੇ ਸੀਨੀਅਰ ਵਿਗਿਆਨਕ ਅਫਸਰ ਡਾ. ਗੁਰਹਰਮਿੰਦਰ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਪ੍ਰਾਪਤੀ ਲਈ ਪਿੰਡ ਚੋਲ੍ਹਟੀ ਖੇੜੀ ਦਾ ਇਹ ਬੋਹੜ ਦਾ ਦਰਖਤ ਪੂਰੀ ਦੁਨੀਆਂ ਲਈ ਇੱਕ ਵਿਰਾਸਤੀ ਥਾਂ ਹੈ। ਉਨ੍ਹਾਂ ਦੱਸਿਆ ਕਿ ਪੈਰਿਸ ਦੇ ਇੱਕ ਪ੍ਰੋਡਕਸ਼ਨ ਹਾਊਸ ' ਕੈਮਰਾ ਲੁਸੀਡਾ '' ਵੱਲੋਂ ਪੰਜਾਬ ਵਿਭਿੰਨਤਾ ਬੋਰਡ ਦੀ ਸਹਾਇਤਾ ਨਾਲ ਇਸ ਦਰਖਤ 'ਤੇ ਇੱਕ ਡਾਕੂਮੈਂਟਰੀ ਵੀ ਬਣਾਈ ਜਾ ਚੁੱਕੀ ਹੈ, ਜੋ ਕਿ ' ਟ੍ਰੀ ਸਟੋਰੀ ' ਦੇ ਨਾਮ ਦੀ ਇੱਕ ਟੀ.ਵੀ. ਸੀਰੀਜ ਵਜੋਂ ਟੈਲੀਕਾਸਟ ਹੋਵੇਗੀ ਜਿਸ ਵਿੱਚ ਦੁਨੀਆਂ ਦੇ ਵਧੇਰੇ ਵੇਖਣਯੋਗ ਦਰਖਤਾਂ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਕੂਮੈਂਟਰੀ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣੂ ਕਰਵਾਵੇਗੀ। ਜਿਸ ਵਿੱਚ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਬੈਸਟ ਹੈਰੀਟੇਜ ਸਾਈਟ ਐਲਾਨਣ ਸਬੰਧੀ ਕੀਤੇ ਕੰਮਾਂ ਨੂੰ ਸਮੁੱਚੇ ਵਿਸ਼ਵ ਵਿੱਚ ਪ੍ਰਚਲਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਨਦੀਪ ਬਾਂਸਲ ਨੇ ਇਸ ਦਰਖਤ ਦੀ ਸਾਂਭ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰੇਕ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਤੋਂ ਪਿੰਡ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਬੋਹੜ ਦੇ ਇਸ ਵਿਸ਼ਾਲ ਦਰਖਤ ਪ੍ਰਤੀ ਪਿੰਡ ਦੇ ਲੋਕਾਂ ਵਿੱਚ ਅਥਾਹ ਸ਼ਰਧਾ ਹੈ ਅਤੇ ਉਹ ਹਰੇਕ ਤਰ੍ਹਾਂ ਦੇ ਭੇਦਭਾਵ ਤੋਂ ਉਪਰ ਉਠ ਕੇ ਕੁਦਰਤ ਦੇ ਇਸ ਅਨਮੋਲ ਖਜਾਨੇ ਦੀ ਪੂਜਾ ਕਰਦੇ ਹਨ ਅਤੇ ਦਿਨੋਂ ਦਿਨ ਵੱਧ ਰਹੇ ਇਸ ਦਰਖਤ ਲਈ ਆਪਣੀ ਨਿੱਜੀ ਜਮੀਨ ਨੂੰ ਸਮਰਪਣ ਦੀ ਭਾਵਨਾਂ ਨਾਲ ਸਵੈ ਇੱਛਾ ਨਾਲ ਛੱਡ ਦਿੰਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਬੋਹੜ ਦਾ ਇਹ ਦਰਖਤ ਮਨੁੱਖੀ ਜੀਵਨ ਲਈ ਜਰੂਰੀ ਆਕਸੀਜਨ ਦਾ ਵੀ ਬਹੁਤ ਵੱਡਾ ਸਰੋਤ ਹੈ।