ਚੰਡੀਗੜ੍ਹ, 20 ਸਤੰਬਰ, 2017 : ਬਲਾਤਕਾਰੀ ਰਾਮ ਰਹੀਮ ਦੇ ਸਿਰਸਾ ਡੇਰੇ 'ਚ ਪਿੰਜਰ ਕਾਂਡ ਦਾ ਵੱਡਾ ਖੁਲਾਸਾ ਹੋਇਆ ਹੈ। ਹਰਿਆਣਾ ਪੁਲਿਸ ਦੀ ਐਸਆਈਟੀ ਤੋਂ ਪੁੱਛਗਿੱਛ 'ਚ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਡਾਕਟਰ ਪੀ ਆਰ ਨੈਨ ਨੇ ਦੱਸਿਆ ਕਿ ਡੇਰੇ ਦੀ ਸਿਰਸਾ ਜ਼ਮੀਨ 'ਚ 600 ਲੋਕਾਂ ਦੀਆਂ ਹੱਡੀਆਂ ਪਿੰਜਰ ਦੱਬੇ ਹਨ। ਇਨ੍ਹਾਂ ਪਿੰਜਰਾਂ ਬਾਰੇ ਪੀ.ਆਰ.ਨੈਨ ਨੇ ਪੁਲਿਸ ਨੂੰ ਦਲੀਲ ਦਿੱਤੀ ਹੈ ਕਿ ਡੇਰਾ ਸਮਰਥਕਾਂ ਨੂੰ ਇਹ ਵਿਸ਼ਵਾਸ ਸੀ ਕਿ ਜੇਕਰ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਡੇਰੇ ਦੀ ਜ਼ਮੀਨ 'ਚ ਦਬਾਈਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਮੁਕਤੀ ਮਿਲੇਗੀ। ਇਸੇ ਕਾਰਨ ਹੀ ਡੇਰੇ ਦੀ ਜ਼ਮੀਨ ਅੰਦਰੋਂ ਕਰੀਬ 600 ਲੋਕਾਂ ਦੀਆਂ ਅਸਥੀਆਂ ਅਤੇ ਹੱਡੀਆਂ-ਪਿੰਜਰ ਹਨ। ਹਾਲਾਂਕਿ ਪੁਲਿਸ ਹੋਰਨਾਂ ਪੱਖਾਂ ਤੋਂ ਵੀ ਜਾਂਚ ਕਰ ਰਹੀ ਹੈ ਜਿਸ 'ਚ ਕੁਝ ਪੁਰਾਣੇ ਸਮਰਥਕਾਂ ਨੇ ਦੋਸ਼ ਲਗਾਇਆ ਸੀ ਕਿ ਡੇਰੇ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਮਾਰ ਕੇ ਡੇਰੇ ਦੇ ਹੀ ਖੇਤਾਂ 'ਚ ਉਨ੍ਹਾਂ ਦੀਆਂ ਲਾਸ਼ਾਂ ਦੱਬ ਦਿੱਤੀਆਂ ਜਾਂਦੀਆਂ ਸਨ।
ਜ਼ਿਕਰਯੋਗ ਹੈ ਕਿ ਹਰਿਆਣੇ ਦੀ ਐਸ.ਆਈ.ਟੀ. ਟੀਮ ਨੇ ਡੇਰੇ ਦੇ ਸੀਨੀਅਰ ਵਾਈਸ ਚੇਅਰਪਰਸਨ ਪੀ.ਆਰ. ਨੈਨ ਤੋਂ ਪੁੱਛ-ਗਿੱਛ ਕੀਤੀ। ਹਾਲ ਹੀ 'ਚ ਐਸ.ਆਈ.ਟੀ. ਨੇ ਨੋਟਿਸ ਦੇ ਕੇ ਨੈਨ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ। ਲਗਭਗ 2.30 ਘੰਟੇ ਚੱਲੀ ਇਸ ਪੜਤਾਲ 'ਚ ਏ.ਆਈ.ਟੀ. ਨੇ ਉਸ ਤੋਂ ਹਨੀਪ੍ਰੀਤ ਸਮੇਤ ਹਿੰਸਾ 'ਚ ਗ੍ਰਿਫਤਾਰ ਲੋਕਾਂ ਦੇ ਡੇਰੇ ਨਾਲ ਸੰਬੰਧਾਂ ਬਾਰੇ ਜਾਣਕਾਰੀ ਮੰਗੀ।
ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਡੇਰੇ ਦੇ ਸੀਨੀਅਰ ਵਾਈਸ ਚੈਅਰਪਰਸਨ ਨੈਨ 25 ਅਗਸਤ ਨੂੰ ਡੇਰੇ 'ਚ ਹੀ ਮੌਜੂਦ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਚਕੂਲਾ 'ਚ 25 ਅਗਸਤ ਨੂੰ ਹੋਈ ਹਿੰਸਾ ਦੇ ਸੰਬੰਧ 'ਚ ਵੀ ਜਾਣਕਾਰੀ ਮੰਗੀ।
ਸੂਤਰਾਂ ਮੁਤਾਬਕ ਐਸ.ਆਈ.ਟੀ. ਨੇ ਪੀ. ਆਰ. ਨੈਨ ਤੋਂ ਅਸਤੀਆਂ 'ਤੇ ਪੌਦੇ ਲਗਾਉਣ ਦੇ ਮਾਮਲੇ 'ਤੇ ਵੀ ਰਿਕਾਰਡ ਮੰਗਿਆ ਹੈ, ਨਾਲ ਹੀ ਉਨ੍ਹਾਂ ਲੋਕਾਂ ਤੋਂ ਵੀਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ, ਜਿਨ੍ਹਾਂ ਨੂੰ ਹਿੰਸਾ ਫੈਲਾਉਣ ਦੇ ਸੰਬੰਧ 'ਚ ਹਰਿਆਣਾ ਪੁਲਸ ਨੇ ਗ੍ਰਿਫਤਾਰ ਕੀਤਾ ਸੀ।
ਹਾਲਾਂਕਿ ਪੁੱਛ-ਗਿੱਛ ਤੋਂ ਬਾਅਦ ਨੈਨ ਨੂੰ ਫਿਲਹਾਲ ਛੱਡ ਦਿੱਤਾ ਗਿਆ ਹੈ ਪਰ ਸੂਤਰਾਂ ਦਾ ਇਹ ਕਹਿਣਾ ਹੈ ਕਿ ਵਿਪਾਸਨਾ ਅਤੇ ਪੀ.ਆਰ. ਨੈਨ ਤੋਂ ਐਸ.ਆਈ.ਟੀ. ਦੁਬਾਰਾ ਪੁੱਛ-ਗਿੱਛ ਕਰ ਸਕਦੀ ਹੈ।