ਜੀ ਐਸ ਪੰਨੂ
ਪਟਿਆਲਾ, 14 ਸਤੰਬਰ, 2017 : ਪੰਜਾਬ ਸਟੂਡੈਂਟਸ ਯੂਨੀਅਨ ਦੇ ਸੱਦੇ ਤੇ ਸੂਬੇ ਦੇ ਵੱਖ-ਵੱਖ ਕੋਨਿਆਂ ਤੋਂ ਹਜਾਰਾਂ ਵਿਦਿਆਰਥੀ ਪਟਿਆਲਾ ਇਕੱਠੇ ਹੋਏ ਚਾਹੇ ਯੂਨੀਅਨ ਦਾ ਮਹਿਲਾ ਤੱਕ ਜਾਣ ਤੋਂ ਪਹਿਲਾ ਹੀ ਮੰਗ ਪੱਤਰ ਲੈ ਲਿਆ ਗਿਆ ਪਰ ਮੁਜਾਹਰੇ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਅਤੇ ਸੂਬਾ ਸਕੱਤਰ ਪ੍ਰਦੀਪ ਕਸਬਾ ਨੇ ਕਿਹਾ ਕਿ ਲੜਕੀਆਂ ਦੀ ਨਰਸਰੀ ਤੋਂ ਲੈ ਕੇ ਪੀ.ਐਚ.ਡੀ. ਤੱਕ ਵਿਦਿਆ ਮੁਫਤ ਦਾ ਐਲਾਨ ਕੀਤਾ ਪਰ ਇਸਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਕਰਜਾਈ ਕਿਸਾਨ ਆਪਣੇ ਬੱਚਿਆਂ ਨੂੰ ਮਹਿੰਗੀ ਵਿਦਿਆ ਨਹੀਂ ਦਿਵਾ ਸਕਦੇ। ਸਮਾਜ ਦੇ ਹੇਠਲੇ ਤਬਕੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ।ਛੋਟੀ ਕਿਸਾਨੀ ਸਮੇਤ 2.5ਲੱਖ ਤੱਕ ਆਮਦਨ ਵਾਲੇ ਜਨਰਲ ਵਰਗ ਦੇ ਵਿਦਿਆਰਥੀਆਂ ਦੀ ਸਮੁੱਚੀ ਵਿਦਿਆ ਵੀ ਮੁਫਤ ਹੋਣੀ ਚਾਹੀਦੀ ਹੈ। ਪ੍ਰਾਈਵੇਟ ਕਾਲਜ ਦਲਿਤ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲ ਰਹੇ ਹਨ। ਸਰਕਾਰ ਨੂੰ ਇਸ ਸਕੀਮ ਨੂੰ ਗੰਭੀਰਤਾ ਨਾਲ ਲਾਗੂ ਕਰਨਾ ਚਾਹੀਦਾ ਹੈ। ਦਲਿਤ ਵਿਦਿਆਰਥੀਆਂ ਦੇ ਦਾਖਲੇ ਬਿਨਾਂ ਫੀਸ ਦੇ ਹੋਣੇ ਚਾਹੀਦੇ ਹਨ ਅਤੇ ਵਿਦਿਅਕ ਸੰਸਥਾਵਾਂ ਨੂੰ ਫੀਸ ਦੀ ਅਦਾਇਗੀ ਸਰਕਾਰ ਵੱਲੋਂ ਸ਼ੈਸ਼ਨ ਦੇ ਸ਼ੁਰੂ ਵਿੱਚ ਹੀ ਕਰਨੀ ਚਾਹੀਦੀ ਹੈ। ਦਲਿਤ ਵਿਦਿਆਰਥੀਆਂ ਦੀ ਫੀਸ ਮੁਆਫੀ ਲਈ ਆਮਦਨ ਸੀਮਾਂ ਖਤਮ ਕਰਨੀ ਚਾਹੀਦੀ ਹੈ। ਸਰਕਾਰ ਨੂੰ ਇਸ ਸਕੀਮ ਨੂੰ ਗੰਭੀਰਤਾ ਨਾਲ ਲਾਗੂ ਕਰਨਾ ਚਾਹੀਦਾ ਹੈ। ਯੂਨੀਵਰਸਿਟੀ ਪੈਸਾ ਇਕੱਠੇ ਕਰਨ ਲਈ ਹਜਾਰਾਂ ਵਿਦਿਆਰਥੀਆਂ ਦੀ ਜਾਣ ਬੁੱਝ ਕੇ ਰੀ-ਅਪੀਅਰ ਕੱਢ ਰਹੀਆਂ ਹਨ ਅਤੇ ਜਦੋਂ ਤੱਕ ਰੀ-ਅਪੀਅਰ ਤੇ ਰੀ-ਵੈਲਯੂਏਸ਼ਨ ਦੀ ਫੀਸ ਮੁਆਫ ਨਹੀਂ ਹੁੰਦੀ ਉਦੋਂ ਤੱਕ ਵਿਦਿਆਰਥੀ ਦੇ ਨਤੀਜੇ ਮਾੜੇ ਆਉਂਦੇ ਰਹਿਣਗੇ।ਯੂਨੀਵਰਸਿਟੀ ਦੀਆਂ ਰਿਸਰਚ ਦੀਆਂ ਸੀਟਾਂ ਘਟਾਉਣੀਆਂ ਬੰਦ ਕੀਤੀਆਂ ਜਾਣ ਅਤੇ ਯੂਨੀਵਰਸਿਟੀ ਕਾਲਜਾਂ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਪਹਿਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ।
ਪੀ.ਐਸ.ਯੂ. ਦੇ ਸੂਬਾ ਆਗੂ ਅਮਰ ਕ੍ਰਾਂਤੀ ਅਤੇ ਬਲਜੀਤ ਧਰਮਕੋਟ ਨੇ ਕਿਹਾ ਕਿ ਫਿਰੋਜਪੁਰ ਦੇ ਤੂੜੀ ਬਜਾਰ 'ਚ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਅਜਾਇਬਘਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ। ਇਹ ਟਿਕਾਣਾ ਹਿੰਦੁਸਤਾਨ ਸ਼ੋਸਲਿਸਟ ਰਿਪਬਲਿਕਸ ਐਸੋਈਏਸ਼ਨ ਦਾ ਮੁੱਖ ਦਫਤਰ ਰਿਹਾ ਹੈ। ਇੱਥੇ ਭਗਤ ਸਿੰਘ ਤੋਂ ਇਲਾਵਾ ਚੰਦਰ ਸ਼ੇਖਰ ਆਜ਼ਾਦ, ਸ਼ਿਵ ਵਰਮਾ, ਸੁਖਦੇਵ, ਵਿਜੇ ਕੁਮਾਰ ਸਿਨਹਾ, ਡਾ. ਗਯਾ ਪ੍ਰਸਾਦ ਸਮੇਤ ਕਈ ਕ੍ਰਾਂਤੀਕਾਰੀ ਮਹੀਨਿਆਂ ਬੱਧੀ ਰਹਿੰਦੇ ਰਹੇ ਹਨ, ਇਸੇ ਟਿਕਾਣੇ ਤੇ ਬੈਠ ਕੇ ਹੀ ਸਾਂਡਰਸ ਦੀ ਹੱਤਿਆ ਦੀ ਯੋਜਨਾ ਬਣਾਈ ਗਈ। ਇੱਥੇ ਹੀ ਬੰਬ ਬਣਾਉਣ ਦੀ ਸਮੱਗਰੀ ਵੀ ਇਕੱਠੀ ਕਰਦੇ ਰਹੇ। ਪਰ ਇਸ ਮਹਾਨ ਇਤਿਹਾਸਕ ਇਮਾਰਤ ਨੂੰ ਸਰਕਾਰ ਸਾਂਭ ਨਹੀਂ ਰਹੀ ਹੈ।