ਜੀ ਐਸ ਪੰਨੂ
ਬਨੂੜ (ਪਟਿਆਲਾ) 31 ਅਗਸਤ, 2017 : ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਚਿੱਤਕਾਰਾ ਯੂਨੀਵਰਸਿਟੀ ਵੱਲੋਂ ਲਗਾਏ ਨੌਕਰੀ ਮੇਲੇ ਮੌਕੇ ਪਹੁੱਚੇ ਤੇ ਕਿਹਾ ਕਿ ਨੌਕਰੀ ਮੇਲਿਆਂ ਵਿੱਚ ਪੰਜਾਬ ਭਰ ਵਿੱਚ ਕਰੀਬ 21 ਜਗਾ ਤੇ ਨੌਕਰੀ ਮੇਲੇ ਲਗਾਏ, ਕਰੀਬ 4 ਲੱਖ ਬੱਚਿਆਂ ਨੇ ਆਨ ਲਾਇਨ ਅਪਲਾਈ ਕੀਤਾ ਤੇ ਜਿਸ ਤਹਿਤ ਪਹਿਲੇ ਗੇੜ ਵਿੱਚ 50 ਹਜ਼ਾਰ ਨੌਕਰੀਆਂ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਦੇਸ਼ ਭਰ ਦੀਆਂ 900 ਕੰਪਨੀਆਂ ਵੱਲੋਂ ਪੰਜਾਬ ਦੇ ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਹਨਾਂ ਨੂੰ ਮੁਫ਼ਤ ਕਿੱਤਾ ਮੁਖੀ ਸਿਖਲਾਈ ਪ੍ਰਦਾਨ ਕਰਵਾਈ ਜਾਵੇਗੀ ਅਤੇ ਨੌਕਰੀਆਂ ਮੇਲਿਆਂ ਦੇ ਨਾਲ-ਨਾਲ ਹੁਣ ਪੰਜਾਬ ਵਿੱਚ ਰੁਜਗਾਰ ਮੇਲੇ ਵੀ ਲਗਾਏ ਜਾਣਗੇ। ਚੰਨੀ ਨੇ ਕਿਹਾ ਕਿ ਜਿਹੜੇ ਨੌਜਵਾਨ ਨੌਕਰੀ ਦੀ ਜਗਾ ਆਪਣੇ ਕਾਰੋਬਾਰ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਰਾਜ ਸਰਕਾਰ ਵੱਲੋਂ ਕਿੱਤਾ ਮੁਖੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਬਹੁ-ਤਕਨੀਕੀ ਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਨਵਾਂ ਰੂਪ ਦੇਣ ਲਈ 100 ਕਰੋੜ ਰੁਪਏ ਖਰਚ ਕਰੇਗੀ।
ਪੱਤਰਕਾਰਾਂ ਵੱਲੋਂ ਐਸ.ਸੀ. ਬੱਚਿਆਂ ਨੂੰ ਵਜੀਫੇ ਪ੍ਰਦਾਨ ਕਰਨ ਵਿੱਚ ਸਾਹਮਣੇ ਆਏ ਘਪਲਿਆਂ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਇਸ ਸਬੰਧੀ ਸਰਕਾਰ ਵੱਲੋਂ ਵਿਆਪਕ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ,ਘਪਲਿਆਂ ਨੂੰ ਠੱਲ ਪਾਉਣ ਲਈ ਬਾਇਓ ਮੈਟ੍ਰਿਕ ਹਾਜ਼ਰੀ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਨੂੰ ਖੱਜਲ-ਖੁਆਰ ਕਰਨ ਨੂੰ ਖਤਮ ਕਰਨ ਲਈ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਉਚ ਵਿਦਿਅਕ ਸੰਸਥਾਵਾਂ ਤੇ ਨਜ਼ਰ ਰੱਖਣ ਲਈ ਰੈਗੂਲੇਟਰੀ ਅਥਾਰਟੀ ਦਾ ਗਠਨ ਕਰਨ ਜਾ ਰਹੇ ਹਾਂ । ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਸਤੰਬਰ ਨੂੰ 50 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਪਣਗੇ।
ਚਿੱਤਕਾਰਾ ਯੂਨੀਵਰਸਿਟੀ ਦੇ ਉਪ-ਕੁੱਲਪਤੀ ਸ੍ਰੀਮਤੀ ਮਧੂ ਚਿੱਤਕਾਰਾ ਨੇ ਦੱਸਿਆ ਕਿ ਚਿੱਤਕਾਰਾ ਯੂਨੀਵਰਸਿਟੀ ਵਿਖੇ ਚੱਲ ਰਹੇ ਨੌਕਰੀ ਮੇਲੇ ਵਿੱਚ ਅੱਜ ਤੱਕ 5 ਹਜ਼ਾਰ ਦੇ ਕਰੀਬ ਬੱਚਿਆਂ ਨੇ ਅਪਲਾਈ ਕੀਤਾ ਸੀ ਜਿਸ ਵਿਚੋਂ 1000 ਬੱਚਿਆਂ ਦੀ ਵੱਖ-ਵੱਖ 40 ਕੰਪਨੀਆਂ ਵੱਲੋਂ ਨੌਕਰੀ ਲਈ ਚੋਣ ਕੀਤੀ ਗਈ ਹੈ । ਯੂਨੀਵਰਸਿਟੀ ਦੇ ਚਾਂਸਲਰ ਡਾ: ਅਸ਼ੋਕ ਚਿੱਤਕਾਰਾ ਨੇ ਇਸ ਮੌਕੇ ਚੰਨੀ ਅਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਡੀ.ਐਮ. ਰਾਜਪੁਰਾ ਸ੍ਰੀ ਸੰਜੀਵ ਕੁਮਾਰ, ਯੂਥ ਕਾਂਗਰਸ ਹਲਕਾ ਘਨੌਰ ਦੇ ਪ੍ਰਧਾਨ ਸ੍ਰੀ ਗਗਨਦੀਪ ਸਿੰਘ ਜਲਾਲਪੁਰ, ਐਸ.ਪੀ. ਸ: ਅਮਰਜੀਤ ਸਿੰਘ ਘੁੰਮਣ, ਸਮੇਤ ਸਿਵਲ ਤੇ ਪੁਲਿਸ ਪ੍ਰਸਾਸਨ ਦੇ ਹੋਰ ਕਈ ਸੀਨੀਅਰ ਅਧਿਕਾਰੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।