← ਪਿਛੇ ਪਰਤੋ
ਪਟਿਆਲਾ, 27 ਅਗਸਤ 2017: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਭਾਈ ਸਰਗਰਮ ਭੂਮਿਕਾ ਦੀ ਸ਼ਲਾਘਾ ਕਰਦਿਆ ਹੈ ਕਿ ਇਸ ਨਾਲ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿਚ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਥੇ ਇਕ ਬਿਆਨ ਵਿਚ ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਵਿਚ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਸਨ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਸ ਤਰੀਕੇ ਵਾਰ ਵਾਰ ਸੁਣਵਾਈ ਰੱਖ ਕੇ ਹਰ ਪਹਿਲੂ ਦੀ ਬਾਰੀਕੀ ਨਾਲ ਸੁਣਵਾਈ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਤੇ ਇਹਨਾਂ ਦੀ ਪਾਲਣਾ ਯਕੀਨੀ ਬਣਾਈ ਉਸਦੀ ਬਦੌਲਤ ਦੋਹਾਂ ਸੂਬਿਆਂ ਵਿਚ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਉਹਨਾਂ ਕਿਹਾ ਕਿ ਦੋਹਾਂ ਰਾਜਾਂ ਦੇ ਲੋਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਸ ਲਈ ਧੰਨਵਾਦੀ ਹਨ। ਪ੍ਰੋ. ਬਡੂੰਗਰ ਨੇ ਦੋਹਾਂ ਸੂਬਿਆਂ ਦੇ ਲੋਕ ਖਾਸ ਤੌਰ 'ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਦੋਹਾਂ ਰਾਜਾਂ ਵਿਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ। ਉਹਨਾਂ ਕਿਹਾ ਕਿ ਪੰਜਾਬੀਆਂ ਦਾ ਹਮੇਸ਼ਾ ਇਤਿਹਾਸ ਰਿਹਾ ਹੈ ਕਿ ਇਹਨਾਂ ਦੀ ਆਪਸੀ ਸਾਂਝ ਦੀ ਬਦੌਲਤ ਇਥੇ ਕਦੇ ਵੀ ਫਿਰਕੂ ਟਕਰਾਅ ਨਹੀਂ ਹੋਏ ਤੇ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੁਣ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਹਾਂ ਰਾਜਾਂ ਵਿਚ ਅਮਨ ਤੇ ਸ਼ਾਂਤੀ ਕਾਇਮ ਰਹੇ ਤੇ ਫਿਰਕੂ ਸਦਭਾਵਨਾ ਬਣੀ ਰਹੇ ਜੋ ਦੋਹਾਂ ਰਾਜਾਂ ਦੀ ਖੁਸ਼ਹਾਲੀ ਅਤੇ ਤਰੱਕੀ ਦਾ ਮੁਢਲਾ ਆਧਾਰ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੋਹਾਂ ਰਾਜਾਂ ਦੇ ਲੋਕ ਸਿਆਣੇ, ਸੂਝਵਾਨ ਤੇ ਸਮਝਦਾਰ ਹਨ ਤੇ ਆਪਣਾ ਚੰਗਾ ਮਾੜਾ ਸਮਝਦੇ ਹਨ। ਉਹਨਾਂ ਕਿਹਾ ਕਿ ਦੋਹਾਂ ਰਾਜਾਂ ਦੇ ਲੋਕਾਂ ਨੇ ਸਾਰੇ ਸੰਸਾਰ ਨੂੰ ਦਰਸਾ ਦਿੱਤਾ ਹੈ ਕਿ ਸ਼ਾਂਤੀ ਤੇ ਸਦਭਾਵਨਾ ਉਹਨਾਂ ਲਈ ਸਭ ਤੋਂ ਵੱਡੀ ਪਹਿਲ ਹਨ ਤੇ ਇਸ ਵਾਸਤੇ ਦੋਹਾਂ ਰਾਜਾਂ ਦੇ ਲੋਕਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
Total Responses : 267